ਯਮੁਨਾਨਗਰ, 24 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਗਰਲਜ਼ ਕਾਲਜ ਵਿਖੇ 'ਸਵੈ-ਰੱਖਿਆ' ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ | ਇਸ 6 ਰੋਜ਼ਾ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਤੇ ਫੈਕਲਟੀ ਮੈਂਬਰਾਂ ਨੇ ਵੱਖ-ਵੱਖ ਸਵੈ-ਰੱਖਿਆ ਤਕਨੀਕਾਂ ਸਿੱਖੀਆਂ | ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਵਲੋਂ ਕਰਵਾਈ ਵਰਕਸ਼ਾਪ ਬਾਬਤ ਜਾਣਕਾਰੀ ਦਿੰਦਿਆਂ ਵਿਭਾਗ ਦੀ ਚੇਅਰਪਰਸਨ ਡਾ. ਮੀਨਾਕਸ਼ੀ ਗੁਪਤਾ ਨੇ ਦੱਸਿਆ ਕਿ ਵਿਦਿਆਰਥਣਾਂ ਤੇ ਫੈਕਲਟੀ ਨੇ ਇਸ ਪ੍ਰੋਗਰਾਮ 'ਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ | ਵਰਕਸ਼ਾਪ ਦੇ ਮੁੱਖ ਇੰਸਟਰੱਕਟਰ ਵਿਕਾਸ ਬਾਮਣੀਆ (ਕਰਾਟੇ ਟ੍ਰੇਨਰ) ਸਨ | ਵਰਕਸ਼ਾਪ ਦੌਰਾਨ ਕਾਲਜ ਦੇ ਡਾਇਰੈਕਟਰ ਡਾ. ਵਰਿੰਦਰ ਗਾਂਧੀ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਇਸ ਆਧੁਨਿਕ ਯੁੱਗ 'ਚ ਆਪਣੀ ਸੁਰੱਖਿਆ ਲਈ ਆਪਣੇ ਆਪ ਨੂੰ ਮਜ਼ਬੂਤ ਕਰਨ ਤੇ ਸਵੈ-ਨਿਰਭਰ ਬਣਨ ਦੀ ਲੋੜ ਹੈ, ਜਦਕਿ ਕਾਲਜ ਪਿ੍ੰ. ਡਾ. ਸੁਖਵਿੰਦਰ ਕੌਰ ਨੇ ਸਵੈ-ਰੱਖਿਆ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਵਰਕਸ਼ਾਪ ਨੇ ਵਿਦਿਆਰਥਣਾਂ ਨੂੰ ਵੱਖ-ਵੱਖ ਰੱਖਿਆ ਤਕਨੀਕਾਂ ਦੀ ਸਿਖਲਾਈ ਦੇ ਕੇ ਉਨ੍ਹਾਂ 'ਚ ਵਿਸ਼ਵਾਸ ਦੀ ਇਕ ਨਵੀਂ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਲੜਕੀਆਂ ਨੂੰ ਰੋਜ਼ਾਨਾ ਅਨੈਤਿਕ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਨ੍ਹਾਂ ਨੂੰ ਇਨ੍ਹਾਂ ਅੱਤਿਆਚਾਰਾਂ ਦਾ ਵਿਰੋਧ ਕਰਨ ਲਈ ਸਸ਼ਕਤ ਬਣਾਇਆ ਜਾਣਾ ਚਾਹੀਦਾ ਹੈ |
ਗੁਰੂ ਨਾਨਕ ਗਰਲਜ਼ ਕਾਲਜ ਵਿਖੇ 'ਸਵੈ-ਰੱਖਿਆ' ਵਿਸ਼ੇ 'ਤੇ ਵਰਕਸ਼ਾਪ <br/>
ਅਜੀਤ ਡੈਸਕ
25-02-2026