ਨਰਾਇਣਗੜ੍ਹ, 25 ਫਰਵਰੀ (ਪੀ. ਸਿੰਘ)-ਸਰਕਾਰੀ ਕਾਲਜ ਨਰਾਇਣਗੜ੍ਹ ਵਿਖੇ ਯੂਥ ਰੈੱਡ ਕਰਾਸ, ਮਹਿਲਾ ਸੈੱਲ ਅਤੇ ਐਨ. ਸੀ. ਸੀ. ਯੂਨਿਟ ਦੇ ਸਾਂਝੇ ਸਹਿਯੋਗ ਨਾਲ ਪਿ੍ੰਸੀਪਲ ਰੋਹਿਤ ਕੁਮਾਰ ਦੀ ਪ੍ਰਧਾਨਗੀ ਹੇਠ ਇਕ ਖੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦੇਸ਼ ਸਮਾਜ 'ਚ ਖੂਨਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਨੌਜਵਾਨਾਂ 'ਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ | ਇਸ ਮੌਕੇ ਪਿ੍ੰਸੀਪਲ ਨੇ ਕਿਹਾ ਕਿ ਖੂਨਦਾਨ ਇਕ ਮਹਾਨ ਦਾਨ ਹੈ ਅਤੇ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ | ਉਨ੍ਹਾਂ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਨਿਯਮਿਤ ਤੌਰ 'ਤੇ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪੀ. ਜੀ. ਆਈ ਚੰਡੀਗੜ੍ਹ ਦੇ ਟ੍ਰਾਂਸਫਿਊਜ਼ਨ ਮੈਡੀਸਨ ਵਿਭਾਗ ਦੀ ਇਕ ਮੈਡੀਕਲ ਟੀਮ ਨੇ ਵਿਸ਼ੇਸ਼ ਸਹਾਇਤਾ ਪ੍ਰਦਾਨ ਕੀਤੀ | ਡਾਕਟਰੀ ਜਾਂਚ ਤੋਂ ਬਾਅਦ ਦਾਨੀਆਂ ਨੂੰ ਸੁਰੱਖਿਅਤ ਢੰਗ ਨਾਲ ਇਕੱਠਾ ਕੀਤਾ ਗਿਆ ਅਤੇ ਕੈਂਪ 'ਚ ਕੁੱਲ 50 ਯੂਨਿਟ ਖੂਨ ਇਕੱਠਾ ਕੀਤਾ ਗਿਆ | ਇਸ ਕੈਂਪ 'ਚ ਵਿਦਿਆਰਥੀਆਂ, ਐਨ. ਸੀ. ਸੀ. ਕੈਡਿਟਾਂ, ਯੂਥ ਰੈੱਡ ਕਰਾਸ ਵਲੰਟੀਅਰਾਂ, ਮਹਿਲਾ ਵਿੰਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰਾਂ, ਪ੍ਰੋ. ਨਰੇਸ਼ ਕੁਮਾਰ, ਡਾ. ਦੀਪਕ, ਡਾ. ਰਾਕੇਸ਼, ਅਤੇ ਡਾ. ਪ੍ਰਵੀਨ (ਅੰਗਰੇਜ਼ੀ ਅਤੇ ਰਾਜਨੀਤੀ ਸ਼ਾਸਤਰ ਵਿਭਾਗ) ਨੇ ਖੂਨਦਾਨ ਕੀਤਾ | ਇਸ ਮੌਕੇ ਡਾ. ਬਲਦੇਵ ਸਿੰਘ ਨੇ 31ਵੀਂ ਵਾਰ ਅਤੇ ਡਾ. ਜਗਦੀਪ ਸਿੰਘ ਨੇ 28ਵੀਂ ਵਾਰ ਖੂਨਦਾਨ ਕਰਦੇ ਇਕ ਪ੍ਰੇਰਨਾਦਾਇਕ ਉਦਾਹਰਣ ਕਾਇਮ ਕੀਤੀ | ਇਸ ਕੈਂਪ ਦੌਰਾਨ ਖੂਨਦਾਨੀਆਂ ਨੂੰ ਵਿਸ਼ਵਾਸ ਫਾਊਾਡੇਸ਼ਨ ਸੈਕਟਰ 9 ਪੰਚਕੂਲਾ ਵਲੋਂ ਸਾਧਵੀ ਨੀਲਿਮਾ ਦੇ ਸਹਿਯੋਗ ਨਾਲ ਇਨਾਮ, ਰਿਫਰੈਸ਼ਮੈਂਟ ਅਤੇ ਸਰਟੀਫਿਕੇਟ ਦਿੱਤੇ ਗਏ, ਜਦਕਿ ਪੀ. ਜੀ. ਆਈ. ਟੀਮ ਨੇ ਕਾਲਜ ਦੇ ਯੂਥ ਰੈੱਡ ਕਰਾਸ ਇੰਚਾਰਜ ਡਾ. ਅਪੂਰਵਾ ਚਾਵਲਾ, ਮਹਿਲਾ ਸੈੱਲ ਇੰਚਾਰਜ ਪ੍ਰੋ. ਰੇਣੂ ਕੁਮਾਰੀ, ਐਨ. ਸੀ. ਸੀ. ਅਧਿਕਾਰੀ ਡਾ. ਸਤੀਸ਼ ਕੁਮਾਰ ਅਤੇ ਯੂਥ ਰੈੱਡ ਕਰਾਸ ਮੈਂਬਰ ਡਾ. ਜਗਦੀਪ ਸਿੰਘ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ |