ਕਾਲਾਂਵਾਲੀ/ਸਿਰਸਾ, 8 ਮਾਰਚ (ਭੁਪਿੰਦਰ ਪੰਨੀਵਾਲੀਆ)- ਉਪ ਮੰਡਲ ਪੱਤਰਕਾਰ ਸੰਘ ਵੱਲੋਂ ਸ਼ਹੀਦ ਭਗਤ ਸਿੰਘ ਪਬਲਿਕ ਲਾਈਬਰੇਰੀ ਵਿਖੇ 'ਫੇਸਬੁੱਕ ਅਤੇ ਯੂ-ਟਿਊਬ ਦੀ ਸੋਸ਼ਲ ਮੀਡੀਆ ਵਿੱਚ ਭੂਮਿਕਾ' ਵਿਸ਼ੇ 'ਤੇ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ | ਜਿਸ ਵਿਚ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਡਾ. ਅਮਿਤ ਸਾਂਗਵਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਉਪ ਮੰਡਲ ਪੱਤਰਕਾਰ ਸੰਘ ਦੇ ਪ੍ਰਧਾਨ ਮਾ. ਸੁਰਿੰਦਰ ਪਾਲ ਸਿੰਘ ਨੇ ਕੀਤੀ | ਸੀਨੀਅਰ ਪੱਤਰਕਾਰ ਭੁਪਿੰਦਰ ਸਿੰਘ ਪੰਨੀਵਾਲੀਆ ਨੇ ਮਹਿਮਾਨਾਂ ਅਤੇ ਹਾਜ਼ਰ ਮੈਂਬਰਾਂ ਦਾ ਸਵਾਗਤ ਕੀਤਾ | ਇਸ ਮੌਕੇ 'ਤੇ ਡਾ. ਅਮਿਤ ਸਾਂਗਵਾਨ ਨੇ ਪੱਤਰਕਾਰਾਂ ਨੂੰ ਸੋਸ਼ਲ ਮੀਡੀਆ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ, ਖ਼ਬਰਾਂ ਦੀ ਇਕਸਾਰਤਾ ਬਣਾਈ ਰੱਖਣ ਅਤੇ ਫੇਸਬੁੱਕ ਅਤੇ ਯੂਟਿਊਬ ਵਰਗੇ ਪਲੇਟਫਾਰਮਾਂ ਰਾਹੀਂ ਦਰਸ਼ਕਾਂ ਤੱਕ ਪਹੁੰਚਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਹੁਣ ਦੀ ਪੱਤਰਕਾਰੀ ਲਈ ਇੱਕ ਮਹੱਤਵਪੂਰਨ ਮਾਧਿਅਮ ਬਣ ਗਿਆ ਹੈ ਅਤੇ ਪੱਤਰਕਾਰਾਂ ਨੂੰ ਇਸ ਦੀ ਵਰਤੋਂ ਜ਼ਿੰਮੇਵਾਰੀ ਅਤੇ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ | ਉਨ੍ਹਾਂ ਪੱਤਰਕਾਰਾਂ ਨੂੰ ਡਿਜੀਟਲ ਪਲੇਟਫਾਰਮਾਂ 'ਤੇ ਖ਼ਬਰਾਂ ਪੇਸ਼ ਕਰਨ, ਸਮੱਗਰੀ ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਅਤੇ ਦਰਸ਼ਕਾਂ ਤੱਕ ਸਕਾਰਾਤਮਕ ਸੰਦੇਸ਼ ਪਹੁੰਚਾਉਣ ਬਾਰੇ ਵਿਸਤਾਰ ਨਾਲ ਸਿਖਲਾਈ ਦਿੱਤੀ | ਇਸ ਮੌਕੇ ਸੋਸ਼ਲ ਮੀਡੀਆ ਅਤੇ ਫੇਸਬੁੱਕ ਅਤੇ ਇੰਟਰਨੈਟ ਤਕਨੀਕਾਂ ਦੀ ਨਵੀਨ ਵਰਤੋਂ ਸਬੰਧੀ ਵਿਕਰਮਜੀਤ ਨੇ ਵੀ ਵਿਸੇਸ਼ ਜਾਣਕਾਰੀਆਂ ਪ੍ਰਦਾਨ ਕੀਤੀਆਂ | ਵਰਕਸ਼ਾਪ ਵਿੱਚ ਮੌਜੂਦ ਪੱਤਰਕਾਰਾਂ ਨੇ ਵੱਖ-ਵੱਖ ਵਿਸ਼ਿਆਂ ਸਮੇਤ ਸੋਸ਼ਲ ਮੀਡੀਆ ਨਾਲ ਸਬੰਧਤ ਆਪਣੀਆਂ ਸਮੱਸਿਆਵਾਂ ਅਤੇ ਅਨੁਭਵ ਸਾਂਝੇ ਵੀ ਕੀਤੇ | ਵਰਕਸ਼ਾਪ ਦੇ ਅੰਤ ਵਿਚ ਡਾ. ਸਾਂਗਵਾਨ ਦਾ ਪੱਤਰਕਾਰ ਸੰਘ ਕਾਲਾਂਵਾਲੀ ਵੱਲੋਂ ਵਿਸੇਸ਼ ਸਨਮਾਨ ਕੀਤਾ ਗਿਆ | ਇਸ ਇਕ ਦਿਨਾਂ ਵਰਕਸ਼ਾਪ ਵਿਚ ਪੱਤਰਕਾਰ ਸੰਘ ਦੇ ਪ੍ਰਧਾਨ ਮਾ. ਸੁਰਿੰਦਰਪਾਲ ਸਿੰਘ ਤੋਂ ਇਲਾਵਾ ਭੁਪਿੰਦਰ ਪੰਨੀਵਾਲੀਆ, ਜਗਤਾਰ ਸਿੰਘ ਤਾਰੀ, ਗੁਰਮੀਤ ਸਿੰਘ ਖਾਲਸਾ, ਪਵਨ ਮਹਿਤਾ, ਅਸ਼ੋਕ ਗਰਗ, ਜਸਪਾਲ ਸਿੰਘ ਤੱਗੜ, ਅਮਿਤ ਝੂੰਝ, ਹਰਵਿੰਦਰ ਗਿੱਲ, ਡਿੰਪਲ ਅਰੋੜਾ, ਪਿ੍ੰਸ ਅਤੇ ਹੋਰ ਪੱਤਰਕਾਰ ਵੀ ਹਾਜ਼ਰ ਸਨ |