ਫ਼ਤਿਹਾਬਾਦ, 10 ਮਾਰਚ (ਹਰਬੰਸ ਸਿੰਘ ਮੰਡੇਰ)- ਜ਼ਿਲ੍ਹਾ ਜਲ ਅਤੇ ਸੀਵਰੇਜ ਮਿਸ਼ਨ ਦੀ ਮੀਟਿੰਗ ਡਿਪਟੀ ਕਮਿਸ਼ਨਰ ਡਾ. ਵਿਵੇਕ ਭਾਰਤੀ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚ ਕਿਤੇ ਵੀ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ | ਜਲ ਸਪਲਾਈ ਪ੍ਰਣਾਲੀ ਦੀ ਨਿਯਮਤ ਨਿਗਰਾਨੀ ਯਕੀਨੀ ਬਣਾਈ ਜਾਵੇ ਅਤੇ ਪ੍ਰਾਪਤ ਹੋਣ ਵਾਲੀਆਂ ਕਿਸੇ ਵੀ ਸ਼ਿਕਾਇਤ ਦਾ ਤੁਰੰਤ ਹੱਲ ਕੀਤਾ ਜਾਵੇ | ਡੀ. ਸੀ. ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਗੁਣਵੱਤਾ ਬਣਾਈ ਰੱਖਣ ਲਈ ਸਮੇਂ-ਸਮੇਂ 'ਤੇ ਪਾਣੀ ਦੇ ਹੋਰ ਨਮੂਨੇ ਇਕੱਠੇ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ | ਇਸ ਮੌਕੇ ਡੀ.ਡੀ.ਪੀ.ਓ. ਅਨੂਪ ਸਿੰਘ, ਜਨ ਸਿਹਤ ਵਿਭਾਗ ਦੇ ਐਕਸੀਅਨ ਬਲਵਿੰਦਰ ਨੈਨ, ਪੰਚਾਇਤੀ ਰਾਜ ਐਕਸੀਅਨ ਦਵਿੰਦਰ ਸਿੰਘ, ਜ਼ਿਲ੍ਹਾ ਸਮਾਜ ਭਲਾਈ ਅਫ਼ਸਰ ਸਤਿਆਵਾਨ, ਡੀ. ਪੀ. ਓ. ਕਵਿਤਾ ਰਾਣੀ, ਡਿਪਟੀ ਸੀ.ਐਮ.ਓ. ਡਾ. ਸ਼ਰਦ ਤੁਲੀ ਆਦਿ ਮੌਜੂਦ ਸਨ |