ਟੋਹਾਣਾ, 27 ਮਾਰਚ (ਮਨਜੀਤ ਸਿੰਘ) - ਟੋਹਾਣਾ ਖੇਤਰ ਵਿੱਚ ਇਨ੍ਹੀਂ ਦਿਨੀਂ ਪੈਟਰੋਲ ਪੰਪਾਂ 'ਤੇ ਅਚਾਨਕ ਭੀੜ ਵਧਣ ਨਾਲ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੈਟਰੋਲ ਅਤੇ ਡੀਜ਼ਲ ਦੀ ਕਮੀ ਦੀਆਂ ਖ਼ਬਰਾਂ ਫੈਲਣ ਤੋਂ ਬਾਅਦ ਕਈ ਪੰਪਾਂ 'ਤੇ ਲੰਬੀਆਂ ਕਤਾਰਾਂ ਦੇਖੀਆਂ ਗਈਆਂ, ਜਿਸ ਕਾਰਨ ਕਈ ਥਾਵਾਂ 'ਤੇ ਤਣਾਅ ਵਾਲੀ ਸਥਿਤੀ ਵੀ ਬਣ ਗਈ | ਇਸ ਸਬੰਧੀ ਪੈਟਰੋਲ ਪੰਪ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਕੋਲ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਪੂਰੀ ਤਰ੍ਹਾਂ ਸਧਾਰਣ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਹੈ | ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫ਼ਵਾਹਾਂ ਕਾਰਨ ਲੋਕ ਘਬਰਾਹਟ ਵਿੱਚ ਵੱਧ ਮਾਤਰਾ ਵਿੱਚ ਤੇਲ ਭਰਵਾ ਰਹੇ ਹਨ, ਜਿਸ ਨਾਲ ਇਹ ਸਥਿਤੀ ਬਣੀ ਹੈ | ਪਰ ਹੁਣ ਸਥਿਤੀ ਆਮ ਵਾਂਗ ਹੁੰਦੀ ਜਾ ਰਹੀ ਹੈ | ਸਥਾਨਕ ਵਸਨੀਕਾਂ ਮੁਤਾਬਕ ਅਚਾਨਕ ਵਧੀ ਭੀੜ ਕਾਰਨ ਉਨ੍ਹਾਂ ਨੂੰ ਘੰਟਿਆਂ ਬਧੀ ਲਾਈਨਾਂ ਵਿੱਚ ਖੜ੍ਹਾ ਹੋਣਾ ਪੈ ਰਿਹਾ ਹੈ | ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਫ਼ਵਾਹਾਂ 'ਤੇ ਵਿਸ਼ਵਾਸ ਨਾ ਕਰਨ ਅਤੇ ਜਿੰਨੀ ਲੋੜ ਹੋਵੇ ਓਨਾਂ ਹੀ ਪੈਟਰੋਲ-ਡੀਜ਼ਲ ਭਰਵਾਉਣ |