ਡੱਬਵਾਲੀ, 28 ਮਾਰਚ (ਇਕਬਾਲ ਸਿੰਘ ਸ਼ਾਂਤ)-ਮਹਾਰਾਣਾ ਪ੍ਰਤਾਪ ਮਹਿਲਾ ਕਾਲਜ ਵਿੱਚ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕੇਂਦਰੀ ਸੱਭਿਆਚਾਰਕ ਮੰਤਰਾਲੇ ਦੇ ਸਕੱਤਰ ਡਾ. ਵਿਵੇਕ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਉਨ੍ਹਾਂ ਦੀ ਮਾਤਾ ਸ਼ਸ਼ੀਪ੍ਰਭਾ ਅਗਰਵਾਲ ਅਤੇ ਧਰਮਪਤਨੀ ਸਪਨਾ ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ | ਸਮਾਗਮ ਦਾ ਆਗਾਜ਼ ਵਿੱਦਿਅਕ ਸ਼ੋਭਾ ਯਾਤਰਾ ਨਾਲ ਹੋਇਆ | ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਨੇ ਮਾਂ ਸਰਸਵਤੀ ਦੀ ਮੂਰਤੀ ਸਨਮੁੱਖ ਜੋਤ ਜਗਾ ਕੇ ਸਮਾਗਮ ਦਾ ਆਗਾਜ਼ ਕੀਤਾ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਗਿਰਧਾਰੀ ਲਾਲ ਗਰਗ ਨੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ, ਜਦੋਂ ਕਿ ਪਿੰਸ੍ਰੀਪਲ ਡਾ. ਵਨੀਤਾ ਗੁਪਤਾ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ | ਡਿਗਰੀਵੰਡ ਸਮਾਗਮ ਮੌਕੇ ਕਰੀਬ 140 ਵਿਦਿਆਰਥਣਾਂ ਨੂੰ ਡਿਗਰੀਆਂ ਦਿੱਤੀਆਂ ਗਈਆਂ | ਆਪਣੇ ਸੰਬੋਧਨ ਵਿੱਚ ਮੁੱਖਮਹਿਾਨ ਡਾ. ਵਿਵੇਕ ਅਗਰਵਾਲ ਨੇ ਕਿਹਾ ਕਿ ਡਿਗਰੀਵੰਡ ਸਮਾਗਮ ਕਿਸੇ ਵੀ ਵਿਦਿਆਰਥੀ ਦੇ ਜੀਵਨ ਦਾ ਸੁਨਹਿਰੀ ਪਲ ਪਲ ਹੁੰਦਾ ਹੈ, ਜਦੋਂ ਸੰਘਰਸ਼ ਸਫਲਤਾ ਵਿੱਚ ਬਦਲਦਾ ਹੈ | ਉਨ੍ਹਾਂ ਵਿਦਿਆਰਥਣਾਂ ਨੂੰ ਜੀਵਨ ਵਿੱਚ ਲਗਾਤਾਰ ਅੱਗੇ ਵਧਣ ਲਈ ਪ੍ਰੇਰਿਆ | ਇਸ ਮੌਕੇ ਯੂਨੀਵਰਸਿਟੀ ਮੇਰਿਟ ਸੂਚੀ ਵਿੱਚ ਅੱਵਲ ਰਹੀਆਂ ਵਿਦਿਆਰਥਣਾਂ ਧਨਵੀਰ ਅਤੇ ਸਾਕਸ਼ੀ ਨੂੰ ਉਚੇਚੇ ਸਨਮਾਨਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ ਅਰਪਿਤ ਸੰਗਲ, ਡੀ.ਐਸ.ਪੀ ਕਪਿਲ ਅਹਲਾਵਤ, ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵਕੁਮਾਰ ਸ਼ਰਮਾ, ਇਨੇਲੋ ਸ਼ਹਿਰੀ ਦੇ ਸੰਯੋਜਕ ਸੰਦੀਪ ਗਰਗ, ਕਾਲਜ ਕਮੇਟੀ ਦੇ ਮੀਤ ਪ੍ਰਧਾਨ ਨਰੇਸ਼ ਮਿੱਤਲ, ਹਰਿਪ੍ਰਕਾਸ਼ ਸ਼ਰਮਾ, ਸੁਰਿੰਦਰ ਧੁਨੀਕਾ, ਸੌਰਭ ਗਰਗ ਸਮੇਤ ਕਈ ਪਤਵੰਤੇ ਮੌਜੂਦ ਸਨ | ਆਖ਼ਰ ਵਿੱਚ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ |