ਸਿਰਸਾ, 4 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਬੀਤੇ ਕਈ ਦਿਨਾਂ ਤੋਂ ਰੁੱਕ-ਰੁੱਕ ਕੇ ਪੈ ਰਹੇ ਮੀਂਹ ਤੇ ਗੜਿਆਂ ਨਾਲ ਹਾੜੀ ਦੀ ਫ਼ਸਲ ਨੂੰ ਹੋਏ ਨੁਕਸਾਨ ਦਾ ਭਾਰਤੀ ਕਿਸਾਨ ਏਕਤਾ ਨੇ ਤੁਰੰਤ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ | ਭਾਰਤੀ ਕਿਸਾਨ ਏਕਤਾ (ਬੀਕੇਈ) ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਅÏਲਖ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਨਾਲ ਗੱਲ ਕਰਨ ਉਪਰੰਤ ਦੱਸਿਆ ਹੈ ਕਿ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ 'ਚ ਬੇਮੌਸਮੀ ਮੀਂਹ ਤੇ ਗੜਿਆਂ ਨਾਲ ਹਾੜੀ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਿਆ ਹੈ | ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨਾਂ ਨੇ ਫ਼ਸਲ ਬੀਮਾ ਕਰਵਾਇਆ ਹੈ, ਉਨ੍ਹਾਂ ਕਿਸਾਨਾਂ ਦਾ ਖੇਤੀਬਾੜੀ ਵਿਭਾਗ ਅਤੇ ਬੀਮਾ ਕੰਪਨੀਆਂ ਵੱਲੋਂ ਤੁਰੰਤ ਫ਼ਸਲ ਸਰਵੇਖਣ ਕਰਵਾਇਆ ਜਾਏ ਤੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ | ਅÏਲਖ ਨੇ ਦੱਸਿਆ ਕਿ 31 ਮਾਰਚ ਤੋਂ ਬਾਅਦ ਲਗਾਤਾਰ ਮੌਸਮ ਵਿਗੜਿਆ ਹੋਇਆ ਹੈ | ਜ਼ਿਲ੍ਹੇ ਦੇ ਦਰਜਨਾਂ ਪਿੰਡਾਂ 'ਚ ਗੜੇਮਾਰੀ, ਮੀਂਹ ਅਤੇ ਤੇਜ਼ ਝੱਖੜ ਨੇ ਕਣਕ, ਜੌਂ, ਸਰ੍ਹੋਂ, ਹਰਾ ਚਾਰਾ, ਸਬਜ਼ੀਆਂ ਅਤੇ ਬਾਗਬਾਨੀ ਸਮੇਤ ਹਾੜੀ ਦੀਆਂ ਫ਼ਸਲਾਂ ਨੂੰ ਤਬਾਹ ਕਰ ਦਿੱਤਾ | ਉਨ੍ਹਾਂ ਨੇ ਦੱਸਿਆ ਕਿ 2 ਤੇ 3 ਅਪਰੈਲ ਨੂੰ ਮੁੜ ਹੋਈ ਬਾਰਿਸ਼ ਨੇ ਪਹਿਲਾਂ ਹੀ ਨੁਕਸਾਨੀਆਂ ਗਈਆਂ ਫ਼ਸਲਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ | ਕਿਸਾਨਾਂ ਨੇ ਲਗਾਤਾਰ ਦੋ ਕੁਦਰਤੀ ਆਫ਼ਤਾਂ ਕਾਰਨ ਕਾਫ਼ੀ ਵਿੱਤੀ ਨੁਕਸਾਨ ਹੋਇਆ ਹੈ | ਅÏਲਖ ਨੇ ਦੱਸਿਆ ਕਿ ਉਨ੍ਹਾਂ ਨੇ ਸਿਰਸਾ ਦੇ ਡਿਪਟੀ ਕਮਿਸ਼ਨਰ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਥਿਤੀ ਤੋਂ ਜਾਣੂ ਕਰਵਾਇਆ ਹੈ | ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਗੜੇਮਾਰੀ ਅਤੇ ਮੀਂਹ ਨਾਲ ਪ੍ਰਭਾਵਿਤ ਸਾਰੇ ਪਿੰਡਾਂ ਦਾ ਤੁਰੰਤ ਦੌਰਾ ਕਰਨ ਤੇ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲੈਣ | ਅÏਲਖ ਨੇ ਮੰਗ ਕੀਤੀ ਕਿ ਪ੍ਰਭਾਵਿਤ ਪਿੰਡਾਂ ਲਈ ਇੱਕ ਮੁਆਵਜ਼ਾ ਪੋਰਟਲ ਖੋਲਿ੍ਹਆ ਜਾਵੇ ਤਾਂ ਜੋ ਕਿਸਾਨ ਆਪਣੇ ਨੁਕਸਾਨ ਦੇ ਮੁਆਵਜ਼ੇ ਲਈ ਅਰਜ਼ੀ ਦੇ ਸਕਣ | ਇਸ ਮੌਕੇ ਜੋਗਿੰਦਰ ਬਿਸ਼ਨੋਈ, ਰਾਮ ਸਿੰਘ ਸਰਾਂ, ਆਤਮਾ ਸਿੰਘ, ਗੁਰਦੀਪ ਸਿੰਘ, ਸੋਨੀ ਸਰਾਂ, ਜਗਜੀਤ ਸਿੰਘ, ਇਕਬਾਲ ਸਿੰਘ, ਸਾਬਕਾ ਸਰਪੰਚ ਗੁਰਸੇਵਕ ਸਿੰਘ, ਜਗਸੀਰ ਸਿੰਘ, ਸੁਖਪਾਲ ਸਿੰਘ ਆਦਿ ਸਮੇਤ ਕਈ ਕਿਸਾਨ ਉਨ੍ਹਾਂ ਨਾਲ ਮੌਜੂਦ ਸਨ |