ਨਵੀਂ ਦਿੱਲੀ, 7 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਗਰੇਟ ਨੋਇਡਾ ਦੇ ਬੀਟਾ-2 ਖੇਤਰ ਵਿਚ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਗੈਸ ਏਜੰਸੀ ਦਾ ਨਕਲੀ ਕਰਮਚਾਰੀ ਬਣ ਕੇ ਇਕ ਘਰ ਵਿਚੋਂ ਦੋ ਸਿਲੰਡਰ ਚੋਰੀ ਕਰ ਲਏ | ਇਨ੍ਹਾਂ ਚੋਰਾਂ ਨੇ ਘਰ ਵਿਚ ਮੌਜੂਦ ਬੱਚਿਆਂ ਨੂੰ ਫੁਸਲਾ ਲਿਆ ਅਤੇ ਘਰ ਵਿਚ ਗੈਸ ਦੇ ਦੋ ਭਰੇ ਹੋਏ ਸਿਲੰਡਰ ਲੈ ਕੇ ਫਰਾਰ ਹੋ ਗਏ | ਘਰ ਦਾ ਮਾਲਕ ਕਿਸੇ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਹੈ ਅਤੇ ਇਸ ਘਟਨਾ ਦੇ ਸਮੇਂ ਉਸ ਦੀ ਪਤਨੀ ਘਰ ਤੋਂ ਬਾਹਰ ਕਿਸੇ ਕੰਮ ਗਈ ਹੋਈ ਸੀ ਅਤੇ ਘਰ ਵਿਚ ਦੋ ਨਾਬਾਲਗ ਬੱਚੇ ਹੀ ਸਨ | ਇਨ੍ਹਾਂ ਬਦਮਾਸ਼ਾਂ ਨੇ ਹੈਲਮੈਟ ਪਾਇਆ ਹੋਇਆ ਅਤੇ ਮੁੰਹ 'ਤੇ ਕੱਪੜਾ ਬੰਨਿ੍ਹਆ ਹੋਇਆ ਸੀ, ਤਾਂ ਕਿ ਉਨ੍ਹਾਂ ਦੀ ਪਹਿਚਾਣ ਨਾ ਹੋ ਸਕੇ | ਇਨ੍ਹਾਂ ਬਦਮਾਸ਼ਾਂ ਨੇ ਬੱਚਿਆਂ ਨੂੰ ਕਿਹਾ ਕਿ ਉਹ ਸਿਲੰਡਰਾਂ ਦੀ ਜਾਂਚ ਕਰਨ ਲਈ ਆਏ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਪਿਤਾ ਨੇ ਭੇਜਿਆ ਹੈ | ਇਸ ਘਟਨਾ ਦੀ ਸ਼ਿਕਾਇਤ ਪੀੜਤ ਨੇ ਪੁਲਿਸ ਕੋਲ ਕਰ ਦਿੱਤੀ ਹੈ ਅਤੇ ਪੁਲਿਸ ਜਾਂਚ ਕਰਦੀ ਹੋਈ ਆਸ-ਪਾਸ ਦੇ ਸੀ.ਸੀ.ਟੀ.ਵੀ. ਦੀ ਫੁਟੇਜ ਨੂੰ ਵੇਖ ਰਹੀ ਹੈ | ਆਸ-ਪਾਸ ਦੇ ਲੋਕ ਵੀ ਹੈਰਾਨ ਹਨ ਕਿ ਬਦਮਾਸ਼ਾਂ ਨੇ ਇਹ ਚੋਰੀ ਬੜੇ ਹੀ ਅਜੀਬ ਢੰਗ ਨਾਲ ਕੀਤੀ ਹੈ | ਘਰ ਵਾਲਿਆਂ ਦੇ ਕੋਲ ਇਸ ਸਮੇਂ ਕੋਈ ਗੈਸ ਸਿਲੰਡਰ ਨਹੀਂ ਹੈ, ਜਿਸ ਕਰਕੇ ਉਨ੍ਹਾਂ ਨੂੰ ਖਾਣਾ ਪਕਾਉਣ ਦੀ ਪ੍ਰੇਸ਼ਾਨੀ ਆ ਰਹੀ ਹੈ |