ਟੋਹਾਣਾ, 7 ਅਪ੍ਰੈਲ (ਮਨਜੀਤ ਸਿੰਘ) - ਟੋਹਾਣਾ ਇਲਾਕੇ ਦੇ ਨੇੜਲੇ ਪਿੰਡਾਂ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਬੀਤੀ ਰਾਤ ਸਮੇਂ ਕਣਕ ਦੇ ਖੇਤਾਂ ਵਿੱਚ ਅਚਾਨਕ ਅੱਗ ਲੱਗ ਗਈ | ਜਾਣਕਾਰੀ ਅਨੁਸਾਰ ਅੱਗ ਸ਼ੁਰੂ ਵਿੱਚ ਥੋੜ੍ਹੇ ਹਿੱਸੇ ਵਿੱਚ ਲੱਗੀ ਸੀ ਪਰ ਤੇਜ਼ ਹਵਾ ਕਾਰਨ ਇਹ ਵੇਖਦੇ ਹੀ ਵੇਖਦੇ ਕਾਫ਼ੀ ਖੇਤਰ ਵਿੱਚ ਫੈਲ ਗਈ | ਪਿੰਡ ਕੰਨ੍ਹੜੀ, ਸਮੈਣ ਅਤੇ ਡੋਬੀ ਵਾਲੇ ਪਾਸੇ ਦੇ ਖੇਤਾਂ ਵਿੱਚ ਖੜੀ ਕਣਕ ਦੀ ਫ਼ਸਲ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ | ਪਿੰਡ ਵਾਸੀਆਂ ਨੇ ਆਪਣੇ ਪੱਧਰ 'ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦੀ ਤੀਬਰਤਾ ਕਾਰਨ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ | ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕਾਰਵਾਈ ਕੀਤੀ | ਫ਼ਿਲਹਾਲ ਰਾਤ ਨੂੰ ਲੱਗੀ ਅੱਗ ਕਾਰਨ ਨੁਕਸਾਨ ਦਾ ਅੰਦਾਜ਼ਾ ਨਹੀਂ ਲੱਗ ਸਕਿਆ ਪਰ ਕਿਸਾਨਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ | ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅੱਗ ਸਬੰਧੀ ਕੋਈ ਵੀ ਜਾਣਕਾਰੀ ਜਾਂ ਵੀਡੀਓ ਤੁਰੰਤ ਸਾਂਝੀ ਕੀਤੀ ਜਾਵੇ ਤਾਂ ਜੋ ਮਦਦ ਜਲਦੀ ਪਹੁੰਚ ਸਕੇ |