ਸਿਰਸਾ, 8 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੇ ਵਾਇਸ ਚਾਂਸਲਰ ਪ੍ਰੋਫੈਸਰ ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਸ੍ਰੀ ਗੁਰੂ ਤੇਗ ਬਹਾਦਰ ਰਿਸਰਚ ਚੇਅਰ ਦੇ ਡਾਇਰੈਕਟਰ ਪ੍ਰੋਫੈਸਰ ਰਣਜੀਤ ਕੌਰ ਅਤੇ ਡਿਪਟੀ ਡਾਇਰੈਕਟਰ ਪ੍ਰੋ. ਗੁਰਸਾਹਿਬ ਸਿੰਘ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਨੇ ਨੂੰ ਖ਼ਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦਾ ਵਿਦਿਅਕ ਟੂਰ ਲਗਾਇਆ | ਇਸ ਮੌਕੇ 'ਤੇ ਪ੍ਰੋ. ਗੁਰਸਾਹਿਬ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਪਵਿੱਤਰ ਧਰਤੀ ਤੋਂ ਆਪਣੇ ਸ਼ਹਾਦਤ ਸਫ਼ਰ ਦੀ ਸ਼ੁਰੂਆਤ ਕੀਤੀ ਸੀ | ਵਿਦਿਆਰਥੀਆਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਵਿਰਾਸਤ- ਏ- ਖ਼ਾਲਸਾ ਦੇ ਦਰਸ਼ਨ ਕਰਵਾਏ ਗਏ ਅਤੇ ਗੁਰੂ ਸਾਹਿਬ ਦੇ ਜੀਵਨ ਫਲਸਫੇ ਬਾਰੇ ਜਾਣੂ ਕਰਵਾਇਆ ਗਿਆ | ਇਸ ਮੌਕੇ ਪੰਜਾਬੀ ਵਿਭਾਗ ਦੇ ਡਾ. ਚਰਨਜੀਤ ਕੌਰ ਅਤੇ ਮਨਪ੍ਰੀਤ ਸਿੰਘ ਵੀ ਵਿਦਿਆਰਥੀਆਂ ਨਾਲ ਹਾਜ਼ਰ ਸਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਯਾਤਰਾ ਪੰਜਾਬੀ ਵਿਭਾਗ ਦੀ ਚੱਲ ਰਹੀਆਂ ਸਿੱਖਿਆਦਾਇਕ ਯਾਤਰਾਵਾਂ ਦਾ ਹੀ ਹਿੱਸਾ ਹੈ | ਇਹ ਸਿੱਖਿਆ ਯਾਤਰਾ ਆਨੰਦਪੁਰ ਸਾਹਿਬ, ਕੁਲੂ, ਮਨਾਲੀ, ਫ਼ਤਹਿਗੜ੍ਹ ਸਾਹਿਬ ਆਦਿ ਥਾਵਾਂ ਤੇ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਇਸ ਦਾ ਸਿੱਖਿਆ ਖੇਤਰ ਵਿੱਚ ਫ਼ਾਇਦਾ ਰਹੇਗਾ |