ਟੋਹਾਣਾ, 16 ਅਪ੍ਰੈਲ (ਮਨਜੀਤ ਸਿੰਘ) - ਟੋਹਾਣਾ ਦੇ ਇੰਦਾਛੋਈ ਪਿੰਡ ਵਿੱਚ ਇੱਕ ਕਿਸਾਨ ਦੀ ਲਗਭਗ ਤਿੰਨ ਤੋਂ ਚਾਰ ਏਕੜ ਫ਼ਸਲ ਅੱਗ ਨਾਲ ਪੂਰੀ ਤਰ੍ਹਾਂ ਸੜ ਗਈ | ਇਸ ਘਟਨਾ ਨੇ ਕਿਸਾਨ ਦੀ ਪੂਰੇ ਸਾਲ ਦੀ ਮਿਹਨਤ ਨੂੰ ਤਬਾਹ ਕਰ ਦਿੱਤਾ | ਪੀੜਤ ਕਿਸਾਨ ਨੇ ਜ਼ਮੀਨ ਠੇਕੇ 'ਤੇ ਲੈ ਕੇ ਕਣਕ ਬੀਜੀ ਸੀ | ਇਸ ਘਟਨਾ ਦੇ ਸਬੰਧ ਵਿੱਚ ਅੱਜ ਟੋਹਾਣਾ ਦੇ ਡਾਂਗਰਾ ਰੋਡ 'ਤੇ ਅੰਨਦਾਤਾ ਕਿਸਾਨ ਯੂਨੀਅਨ ਦੇ ਦਫ਼ਤਰ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਹੋਈ, ਜਿੱਥੇ ਕਿਸਾਨਾਂ ਦੇ ਹਿਤ ਵਿੱਚ ਭਵਿੱਖ ਦੀ ਰਣਨੀਤੀ ਤੈਅ ਕੀਤੀ ਗਈ | ਮੀਟਿੰਗ ਵਿੱਚ ਅੰਨਦਾਤਾ ਕਿਸਾਨ ਯੂਨੀਅਨ ਦੇ ਰਾਸ਼ਟਰੀ ਜਨਰਲ ਸਕੱਤਰ ਸੱਜਣ ਇੰਦਾਛੋਈ, ਮੰਡੀ ਯੂਨੀਅਨ ਦੇ ਪ੍ਰਧਾਨ ਕਿ੍ਸ਼ਨ, ਮੁਕੇਸ਼ ਕੰਨ੍ਹੜੀ, ਪੂਜਾ ਦਬਲੈਨ, ਦੀਪਕ, ਵੀਰਭਾਨ ਅਤੇ ਹੋਰ ਸਾਥੀ ਮੌਜੂਦ ਸਨ | ਮੀਟਿੰਗ ਦੌਰਾਨ ਕਿਸਾਨ ਆਗੂ ਸੱਜਣ ਇੰਦਾਛੋਈ ਨੇ ਬਿਜਲੀ ਵਿਭਾਗ ਦੇ ਕੰਮਕਾਜ 'ਤੇ ਗੰਭੀਰ ਸਵਾਲ ਉਠਾਏ, ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੇ ਬਿਜਲੀ ਕੱਟ ਦਾ ਐਲਾਨ ਕੀਤਾ ਸੀ ਤਾਂ ਬਿਜਲੀ ਸਪਲਾਈ ਕਿਵੇਂ ਚਾਲੂ ਰਹੀ | ਉਨ੍ਹਾਂ ਇਸ ਨੂੰ ਸਪਸ਼ਟ ਵਿਭਾਗੀ ਲਾਪਰਵਾਹੀ ਦੱਸਿਆ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ | ਉਨ੍ਹਾਂ ਇਹ ਵੀ ਚਿੰਤਾ ਪ੍ਰਗਟ ਕੀਤੀ ਕਿ ਇਸ ਮਾਮਲੇ ਵਿੱਚ ਕਿਸੇ ਫ਼ੈਕਟਰੀ ਸੰਚਾਲਕ ਦੀ ਮਿਲੀਭੁਗਤ ਹੋ ਸਕਦੀ ਹੈ | ਉਨ੍ਹਾਂ ਮੰਗ ਕੀਤੀ ਕਿ ਜਿਸ ਅਧਿਕਾਰੀ ਦੀ ਲਾਪਰਵਾਹੀ ਕਾਰਨ ਇਹ ਨੁਕਸਾਨ ਹੋਇਆ ਹੈ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਮੁਆਵਜ਼ਾ ਦਿੱਤਾ ਜਾਵੇ | ਅੰਨਦਾਤਾ ਕਿਸਾਨ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਨੂੰ ਤੁਰੰਤ ਰਾਹਤ ਨਾ ਮਿਲੀ ਤਾਂ ਖੇਤੀਬਾੜੀ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ |