ਜਲੰਧਰ, 23 ਅਪ੍ਰੈਲ (ਜਤਿੰਦਰ ਪੰਮੀ)- ਵੈਸਟ ਹਲਕੇ ਅਧੀਨ ਪੈਂਦੀ ਮਧੂਬਨ ਕਾਲੋਨੀ 'ਚ ਜੂਸ ਕਾਰਨਰ ਦੀ ਦੁਕਾਨ 'ਤੇ ਪੁਲਿਸ ਤੇ ਆਬਕਾਰੀ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਜੂਸ ਕਾਰਨਰ ਦੀ ਆੜ 'ਚ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਬਦਨਾਮ ਸ਼ਰਾਬ ਤਸਕਰ ਨੂੰ ਕਰਿੰਦੇ ਸਮੇਤ ਕਾਬੂ ਕੀਤਾ ਹੈ | ਪੁਲਿਸ ਨੇ ਛਾਪੇਮਾਰੀ ਦੌਰਾਨ ਜੂਸ ਕਾਰਨਰ ਦੀ ਬੇਸਮੈਂਟ 'ਚ ਬਣਾਏ ਗਏ ਗੁਦਾਮ ਤੇ ਘਰ 'ਚੋਂ ਵੱਖ-ਵੱਖ ਬ੍ਰਾਂਡਾਂ ਦੀਆਂ 60 ਪੇਟੀਆਂ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਹੈ | ਸ਼ਰਾਬ ਤਸਕਰ ਦੀ ਪਛਾਣ ਰਾਜਿੰਦਰ ਕੁਮਾਰ ਭਾਟੀਆ ਉਰਫ਼ ਰਾਜੂ ਚੌਹਾਨ ਵਜੋਂ ਹੋਈ, ਜਦੋਂਕਿ ਉਸ ਦੇ ਕਰਿੰਦੇ ਦੀ ਪਛਾਣ ਦੀਪਕ ਵਜੋਂ ਦੱਸੀ ਗਈ ਹੈ | ਮੁਲਜ਼ਮ ਰਾਜੂ ਚੌਹਾਨ ਕਾਫੀ ਸਮੇਂ ਤੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਦਾ ਧੰਦਾ ਕਰ ਰਿਹਾ ਸੀ ਪਰ ਪੁਲਿਸ ਤੇ ਆਬਕਾਰੀ ਵਿਭਾਗ ਦੇ ਹੱਥੇ ਨਾ ਚੜ੍ਹਨ ਕਰਕੇ ਦੋਵਾਂ ਮਹਿਕਮਿਆਂ ਲਈ ਸਿਰਦਰਦੀ ਬਣਿਆ ਹੋਇਆ ਸੀ | ਪੁਲਿਸ ਨੇ ਥਾਣਾ ਬਸਤੀ ਬਾਵਾ ਖੇਲ 'ਚ ਰਾਜਿੰਦਰ ਕੁਮਾਰ ਭਾਟੀਆ ਉਰਫ਼ ਰਾਜੂ ਚੌਹਾਨ ਤੇ ਦੀਪਕ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਸਰਕਲ ਬਸਤੀਆਂ ਮਨਜੀਤ ਸਿੰਘ ਨਾਲ ਮਿਲ ਕੇ ਰਾਜਿੰਦਰ ਕੁਮਾਰ ਭਾਟੀਆ ਦੇ ਮਧੂਬਨ ਕਾਲੋਨੀ ਸਥਿਤ ਰਾਜੂ ਜੂਸ ਕਾਰਨਰ ਨਾਂ ਦੀ ਦੁਕਾਨ 'ਤੇ ਘਰ 'ਤੇ ਛਾਪੇਮਾਰੀ ਕੀਤੀ | ਇਸ ਆਪ੍ਰੇਸ਼ਨ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਾਜੂ ਚੌਹਾਨ ਨੇ ਆਪਣੀ ਜੂਸ ਕਾਰਨਰ ਦੇ ਨਾਲ ਲੱਗਦੀ ਦੁਕਾਨ 'ਚ ਬੇਸਮੈਂਟ ਬਣਾਈ ਹੋਈ ਸੀ, ਜਿਸ 'ਚ ਉਹ ਨਾਜਾਇਜ਼ ਸ਼ਰਾਬ ਰੱਖਦਾ ਸੀ | ਇਸ ਤੋਂ ਥੋੜ੍ਹੀ ਦੂਰ ਹੀ ਉਸ ਦੀ ਰਿਹਾਇਸ਼ ਹੈ, ਉਥੇ ਵੀ ਉਸ ਨੇ ਨਾਜਾਇਜ਼ ਸ਼ਰਾਬ ਲੁਕਾਉਣ ਲਈ ਬੇਸਮੈਂਟ ਤਿਆਰ ਕੀਤਾ ਹੋਇਆ ਸੀ | ਏ.ਸੀ.ਪੀ. ਆਤਿਸ਼ ਭਾਟੀਆ ਨੇ ਦੱਸਿਆ ਕਿ ਏਨਾ ਹੀ ਨਹੀਂ ਮੁਲਜ਼ਮ ਰਾਜੂ ਚੌਹਾਨ ਨੇ ਇਸ ਬੇਸਮੈਂਟ 'ਚ ਇਕ ਵਿਸ਼ੇਸ਼ ਥਾਂ ਬਣਾਈ ਸੀ, ਜਿਸ ਦੇ ਸਾਹਮਣੇ ਸ਼ੀਸ਼ਾ ਲਾਇਆ ਹੋਇਆ ਸੀ | ਇਸ ਸ਼ੀਸ਼ੇ ਨੂੰ ਦੇਖਣ 'ਤੇ ਇਹ ਪਤਾ ਨਹੀਂ ਲੱਗਦਾ ਸੀ ਕਿ ਉਸ ਪਿੱਛੇ ਕੋਈ ਲੁਕਵੀਂ ਥਾਂ ਵੀ ਹੈ | ਉਨ੍ਹਾਂ ਦੱਸਿਆ ਪੁਲਿਸ ਟੀਮ ਨੇ ਰਾਜੂ ਚੌਹਾਨ ਨੂੰ ਇਸ ਥਾਂ ਤੋਂ ਹੀ ਕਾਬੂ ਕੀਤਾ ਗਿਆ | ਛਾਪੇਮਾਰੀ ਦੌਰਾਨ ਮੁਲਜ਼ਮ ਦੇ ਦੁਕਾਨ ਤੇ ਘਰ 'ਚੋਂ ਵੱਖ-ਵੱਖ ਬ੍ਰਾਂਡਾਂ ਦੀ ਅੰਗਰੇਜ਼ੀ ਤੇ ਦੇਸੀ ਸ਼ਰਾਬ ਦੀਆਂ 60 ਪੇਟੀਆਂ ਬਰਾਮਦ ਹੋਈਆਂ |