ਸਿਰਸਾ, 27 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)-ਆਪਣੀਆਂ ਮੰਗਾਂ ਦੀ ਪੂਰਤੀ ਲਈ ਪਿਛਲੇ 20 ਦਿਨਾਂ ਤੋਂ ਫਾਇਰ ਬਿ੍ਗੇਡ ਦੇ ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠੇ ਕਰਮਚਾਰੀਆਂ ਨੇ ਆਪਣੇ ਅੰਦੋਲਨ ਨੂੰ ਤੇਜ਼ ਕਰਦਿਆਂ ਅੱਜ ਸੰਕੇਤਿਕ ਭੁੱਖ ਹੜਤਾਲ ਕੀਤੀ | ਭੁੱਖ ਹੜਤਾਲ 'ਚ ਅੱਜ ਪਹਿਲੇ ਦਿਨ ਦੋ ਫਾਇਰ ਫਾਈਟਰਾਂ ਕੁਲਦੀਪ ਝੋਰੜਾ ਅਤੇ ਰਾਜੇਂਦਰ ਬਿਸ਼ਨੋਈ ਪਹਿਲੇ ਦਿਨ ਭੁੱਖ ਹੜਤਾਲ 'ਤੇ ਰਹੇ | ਧਰਨਾਕਾਰੀਆਂ ਤੇ ਭੁੱਖ ਹੜਤਾਲ 'ਤੇ ਬੈਠੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕਰਮਚਾਰੀ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪਿਛਲੇ 20 ਦਿਨਾਂ ਤੋਂ ਅੰਦੋਲਨ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੇ ਅੰਦੋਲਨ ਨੂੰ ਅਣਗੌਲਿਆਂ ਕਰ ਰਹੀ ਹੈ | ਮੰਗਾਂ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅੱਗ ਬੁਝਾਉਣ ਸਮੇਂ ਹਾਦਸੇ ਦਾ ਸ਼ਿਕਾਇਰ ਹੋਏ ਫਾਇਰ ਕਰਮਚਾਰੀ ਭਾਵੀ ਚੰਦ ਸ਼ਰਮਾ ਅਤੇ ਰਣਵੀਰ ਸਿੰਘ ਦੇ ਪਰਿਵਾਰਾਂ ਲਈ 1-1 ਕਰੋੜ ਰੁਪਏ ਦੀ ਵਿੱਤੀ ਸਹਾਇਤਾ, ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ | ਜ਼ਿਲ੍ਹਾ ਪ੍ਰਧਾਨ ਰਾਜੇਸ਼ ਖਿਚੜ ਨੇ ਦੋਵਾਂ ਕਰਮਚਾਰੀਆਂ ਨੂੰ ਹਾਰ ਪਹਿਨਾਏ ਅਤੇ ਉਨ੍ਹਾਂ ਨੂੰ ਭੁੱਖ ਹੜਤਾਲ ਵਿੱਚ ਸ਼ਾਮਲ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੇ ਐਲਾਨ ਕੀਤਾ ਕਿ ਭੁੱਖ ਹੜਤਾਲ ਤੋਂ ਬਾਅਦ 1 ਅਤੇ 2 ਮਈ ਨੂੰ ਦੋ ਦਿਨਾਂ ਦੀ ਰਾਜ ਵਿਆਪੀ ਹੜਤਾਲ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਵਾਰ-ਵਾਰ ਯਾਦ ਦਿਵਾਉਣ ਦੇ ਬਾਵਜੂਦ ਸਰਕਾਰ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ | ਸਰਕਾਰ ਕਰਮਚਾਰੀਆਂ ਦੀ ਪਰਖ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਕਰ ਰਹੀ ਹੈ | ਖਿਚੜ ਨੇ ਕਿਹਾ ਕਿ ਕਰਮਚਾਰੀ ਜਨਤਾ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ | ਉਨ੍ਹਾਂ ਨੇ ਕਿਹਾ ਕਿ ਹੜਤਾਲ ਕਰਨਾ ਕੋਈ ਸ਼ੌਕ ਨਹੀਂ, ਸਗੋਂ ਮਜਬੂਰੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜੇ ਵੀ ਨਹੀਂ ਜਾਗੀ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਮਦਨ ਲਾਲ ਖੋਥ, ਸੋਹਣ ਸਿੰਘ ਰੰਧਾਵਾ, ਰਮੇਸ਼ ਸੈਣੀ, ਲਲਿਤ ਸੋਲੰਕੀ, ਅਜੇ ਪਾਸੀ, ਕਿਸਾਨ ਆਗੂ ਰਾਜਕੁਮਾਰ ਸ਼ੇਖੂਪੁਰੀਆ, ਬਲਵੰਤ ਸਹਾਰਨ, ਬਲਵਿੰਦਰ ਸਿੰਘ, ਰਾਜਿੰਦਰ ਸੈਣੀ, ਜੈਬੀਰ ਸ਼ਰਮਾ, ਨਰੇਸ਼, ਪ੍ਰਹਿਲਾਦ ਢਾਕਾ, ਸੁਰੇਂਦਰ ਢਾਕਾ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ |