ਯਮੁਨਾਨਗਰ, 28 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਅਤੇ ਸ਼ਿਵਾ ਕੈਮਰਾ ਸਟੋਰ ਚਾਂਦਪੁਰ ਵਲੋਂ ਸਾਂਝੇ ਤੌਰ 'ਤੇ 'ਫੋਟੋਗ੍ਰਾਫੀ' ਦੇ ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ, ਜਿਸ ਦਾ ਉਦੇਸ਼ ਵਿਦਿਆਰਥਣਾਂ ਨੂੰ ਫੋਟੋਗ੍ਰਾਫੀ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਨਾ ਸੀ | ਇਸ ਮੌਕੇ ਕਰਨਾਲ ਤੋਂ ਆਏ ਕੈਨਨ ਸਲਾਹਕਾਰ ਸੁਖਵਿੰਦਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਹਾਜ਼ਰੀ ਭਰਦਿਆਂ ਵਿਦਿਆਰਥਣਾਂ ਨਾਲ ਕੀਮਤੀ ਵਿਚਾਰ ਸਾਂਝੇ ਕੀਤੇ | ਕਾਲਜ ਦੇ ਕਾਰਜਕਾਰੀ ਪਿ੍ੰ. ਡਾ. ਸੁਰਿੰਦਰ ਕੌਰ ਦੀ ਅਗਵਾਈ ਅਤੇ ਵਿਭਾਗ ਮੁਖੀ ਪ੍ਰਮੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਇਸ ਵਰਕਸ਼ਾਪ ਦੌਰਾਨ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੁੱਖ ਬੁਲਾਰੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਡਿਜ਼ੀਟਲ ਯੁੱਗ 'ਚ ਫੋਟੋਗ੍ਰਾਫੀ ਸਿਰਫ਼ ਇਕ ਸ਼ੌਕ ਨਹੀਂ ਰਿਹਾ, ਸਗੋਂ ਇਹ ਇਕ ਸ਼ਕਤੀਸ਼ਾਲੀ ਕਰੀਅਰ ਵਿਕਲਪ ਵਜੋਂ ਉੱਭਰ ਰਹੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਨੂੰ ਨਵੀਆਂ ਤਕਨੀਕਾਂ ਨਾਲ ਜਾਣੂ ਕਰਵਾਉਂਦੇ ਹਨ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ 'ਚ ਵਾਧਾ ਕਰਦੇ ਹਨ | ਇਸ ਤੋਂ ਬਾਅਦ ਉਨ੍ਹਾਂ ਜਿਥੇ ਸਟਿਲ ਕੈਮਰੇ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਉਥੇ ਹੀ ਬਹੁਤ ਸਰਲ ਸ਼ਬਦਾਂ 'ਚ ਬੁਨਿਆਦੀ ਕੈਮਰਾ ਸੈਟਿੰਗਾਂ, ਫਲੈਸ਼, ਕੋਣ, ਫਰੇਮਿੰਗ ਅਤੇ ਰਚਨਾ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਜ਼ੋਰ ਕਿਹਾ ਕਿ ਚੰਗੀ ਫੋਟੋ ਖਿੱਚਣ ਲਈ ਮਹਿੰਗਾ ਕੈਮਰਾ ਹੋਣਾ ਜ਼ਰੂਰੀ ਨਹੀਂ ਹੈ, ਸਗੋਂ ਸਹੀ ਦਿ੍ਸ਼ਟੀਕੋਣ ਅਤੇ ਤਕਨੀਕਾਂ ਦਾ ਗਿਆਨ ਹੋਣਾ ਵਧੇਰੇ ਮਹੱਤਵਪੂਰਨ ਹੈ | ਉਨ੍ਹਾਂ ਫੋਟੋ ਖਿੱਚਣ ਵੇਲੇ ਵਿਚਾਰਨ ਵਾਲੇ ਮਹੱਤਵਪੂਰਨ ਨੁਕਤਿਆਂ 'ਤੇ ਵੀ ਚਾਨਣਾ ਪਾਇਆ | ਉਨ੍ਹਾਂ ਵਿਦਿਆਰਥਣਾਂ ਨਾਲ ਪ੍ਰੈਕਟੀਕਲ ਡੈਮੋ ਰਾਹੀਂ ਕੀਮਤੀ ਸੁਝਾਅ ਵੀ ਸਾਂਝੇ ਕੀਤੇ | ਇਸੇ ਦੌਰਾਨ ਵਿਭਾਗ ਦੇ ਮੁਖੀ ਪ੍ਰਮੇਸ਼ ਕੁਮਾਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਵਿਦਿਆਰਥਣਾਂ ਲਈ ਬਹੁਤ ਲਾਭਦਾਇਕ ਸਿੱਧ ਹੁੰਦੀਆਂ ਹਨ ਕਿਉਂਕਿ ਇਹ ਵਿਵਹਾਰਕ ਗਿਆਨ ਪ੍ਰਦਾਨ ਕਰਦੀਆਂ ਹਨ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਦੀਆਂ ਹਨ | ਉਨ੍ਹਾਂ ਦੱਸਿਆ ਕਿ ਫੋਟੋਗ੍ਰਾਫੀ ਅੱਜ ਮੀਡੀਆ ਅਤੇ ਸੰਚਾਰ ਦਾ ਇਕ ਮਹੱਤਵਪੂਰਨ ਹਿੱਸਾ ਬਣ ਗਈ ਹੈ, ਲਿਹਾਜ਼ਾ ਇਸ ਦੇ ਤਕਨੀਕੀ ਪਹਿਲੂਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਵਿਦਿਆਰਥਣਾਂ ਨੂੰ ਉਨ੍ਹਾਂ ਤਕਨੀਕਾਂ ਦਾ ਅਭਿਆਸ ਕਰਨ ਲਈ ਕਿਹਾ ਜੋ ਕਿ ਉਨ੍ਹਾਂ ਨੇ ਵਰਕਸ਼ਾਪ ਦੌਰਾਨ ਸਿੱਖੀਆਂ ਹਨ |