ਰਤੀਆ, 28 ਅਪ੍ਰੈਲ (ਬੇਅੰਤ ਕੌਰ ਮੰਡੇਰ)- ਐਸ. ਡੀ. ਐਮ. ਸੁਰੇਂਦਰ ਸਿੰਘ ਨੇ ਆਰੋਹੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਜੱਲੋਪੁਰ, ਖ਼ਾਲਸਾ ਕਾਲਜ ਰਤੀਆ ਅਤੇ ਕਸਤੂਰਬਾ ਗਾਂਧੀ ਕੰਨਿਆ ਸਕੂਲ ਖਾਈ ਦਾ ਅਚਾਨਕ ਦੌਰਾ ਕੀਤਾ ਤੇ ਸਿੱਖਿਆ ਪ੍ਰਣਾਲੀ ਅਤੇ ਸੁਰੱਖਿਆ ਪ੍ਰਬੰਧਾਂ ਦਾ ਡੂੰਘਾਈ ਨਾਲ ਨਿਰੀਖਣ ਕੀਤਾ | ਉਨ੍ਹਾਂ ਵੱਖ-ਵੱਖ ਸਕੂਲ ਅਤੇ ਕਾਲਜਾਂ ਦੇ ਵਿਚ ਤਾਇਨਾਤ ਕਰਮਚਾਰੀਆਂ ਦੇ ਹਾਜ਼ਰੀ ਰਜਿਸਟਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਰਿਕਾਰਡਾਂ ਨੂੰ ਅੱਪ ਟੂ ਡੇਟ ਰੱਖਣ ਦੇ ਨਿਰਦੇਸ਼ ਦਿੱਤੇ | ਹਾਜ਼ਰੀ ਰਜਿਸਟਰ, ਸਟਾਫ਼ ਰਿਕਾਰਡ ਅਤੇ ਹੋਰ ਪ੍ਰਸ਼ਾਸਕੀ ਦਸਤਾਵੇਜ਼ਾਂ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਜ਼ੋਰ ਕਿਹਾ ਕਿ ਸਾਰੇ ਰਿਕਾਰਡ ਪਾਰਦਰਸ਼ਤਾ ਅਤੇ ਨਿਯਮਤਤਾ ਨਾਲ ਰੱਖੇ ਜਾਣੇ ਚਾਹੀਦੇ ਹਨ | ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਪਾਏ ਜਾਣ 'ਤੇ ਸਬੰਧਿਤ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ | ਐਸ.ਡੀ.ਐਮ. ਨੇ ਵਿਸ਼ੇਸ਼ ਤੌਰ 'ਤੇ ਆਰੋਹੀ ਮਾਡਲ ਸਕੂਲ ਜੱਲੋਪੁਰ ਵਿਖੇ ਸਕੂਲ ਬੱਸਾਂ ਦਾ ਨਿਰੀਖਣ ਕੀਤਾ | ਉਨ੍ਹਾਂ ਬੱਸਾਂ ਦੇ ਫਿਟਨੈੱਸ ਮਿਆਰ, ਸੁਰੱਖਿਆ ਮਾਪਦੰਡ, ਡਰਾਈਵਰਾਂ ਦੇ ਦਸਤਾਵੇਜ਼, ਫ਼ਸਟ ਏਡ ਬਾਕਸ ਅਤੇ ਹੋਰ ਜ਼ਰੂਰੀ ਪ੍ਰਬੰਧਾਂ ਦਾ ਨਿਰੀਖਣ ਕੀਤਾ | ਉਨ੍ਹਾਂ ਹਦਾਇਤ ਕੀਤੀ ਕਿ ਸਾਰੀਆਂ ਬੱਸਾਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਿਰਧਾਰਿਤ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ | ਉਨ੍ਹਾਂ ਸਕੂਲ ਅਤੇ ਕਾਲਜ ਕੈਂਪਸ ਵਿਚ ਸਫ਼ਾਈ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਵੀ ਨਿਰੀਖਣ ਕੀਤਾ ਅਤੇ ਲੋੜੀਂਦੇ ਸੁਧਾਰਾਂ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਸੁਰੱਖਿਅਤ ਅਤੇ ਵਧੀਆ ਵਿੱਦਿਅਕ ਵਾਤਾਵਰਨ ਪ੍ਰਦਾਨ ਕਰਨਾ ਪ੍ਰਸ਼ਾਸਨ ਦੀ ਤਰਜੀਹ ਹੈ, ਅਤੇ ਅਜਿਹੇ ਨਿਰੀਖਣ ਨਿਯਮਿਤ ਤੌਰ 'ਤੇ ਜਾਰੀ ਰਹਿਣਗੇ |
ਆਂਗਣਵਾੜੀ ਕੇਂਦਰ ਲਾਲੀ ਵਿਚ ਸਹੂਲਤਾਂ ਦਾ ਨਿਰੀਖਣ
ਐਸ. ਡੀ. ਐਮ. ਸੁਰੇਂਦਰ ਸਿੰਘ ਨੇ ਲਾਲੀ ਪਿੰਡ ਵਿਚ ਆਂਗਣਵਾੜੀ ਕੇਂਦਰ ਦਾ ਵੀ ਨਿਰੀਖਣ ਕੀਤਾ | ਉਨ੍ਹਾਂ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਪੋਸ਼ਣ ਸੰਬੰਧੀ ਖ਼ੁਰਾਕ, ਸਫ਼ਾਈ ਅਤੇ ਉਪਲਬਧ ਸਹੂਲਤਾਂ ਦਾ ਨਿਰੀਖਣ ਕੀਤਾ | ਉਨ੍ਹਾਂ ਆਂਗਣਵਾੜੀ ਵਰਕਰ ਤੋਂ ਬੱਚਿਆਂ ਦੀ ਹਾਜ਼ਰੀ, ਟੀਕਾਕਰਨ, ਪੋਸ਼ਣ ਪ੍ਰੋਗਰਾਮਾਂ ਅਤੇ ਗਰਭਵਤੀ ਅÏਰਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਪੁੱਛਗਿੱਛ ਕੀਤੀ | ਉਨ੍ਹਾਂ ਹਦਾਇਤ ਕੀਤੀ ਕਿ ਬੱਚਿਆਂ ਨੂੰ ਸਮੇਂ ਸਿਰ ਪੌਸ਼ਟਿਕ ਭੋਜਨ ਮੁਹੱਈਆ ਕਰਵਾਇਆ ਜਾਵੇ ਅਤੇ ਕੇਂਦਰ ਵਿਚ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ |
ਲਾਲੀ ਪਿੰਡ, ਰਤੀਆ ਅਨਾਜ ਮੰਡੀ ਤੇ ਖ਼ਰੀਦ ਕੇਂਦਰ ਦਾ ਦੌਰਾ
-ਇਸ ਤੋਂ ਬਾਅਦ ਉਨ੍ਹਾਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਲਾਲੀ ਪਿੰਡ ਵਿਚ ਰਤੀਆ ਅਨਾਜ ਮੰਡੀ ਅਤੇ ਕਣਕ ਖ਼ਰੀਦ ਕੇਂਦਰ ਦਾ ਦੌਰਾ ਕੀਤਾ | ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਕਣਕ ਦੀ ਖ਼ਰੀਦ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਮੰਡੀਆਂ ਵਿਚ ਬੇਲੋੜੀ ਭੀੜ ਨਾ ਹੋਵੇ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਖ਼ਰੀਦ ਪ੍ਰਕਿਰਿਆ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਅਤੇ ਸਾਰੇ ਸਬੰਧਿਤ ਵਿਭਾਗਾਂ ਨੂੰ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਅਤੇ ਜ਼ਰੂਰੀ ਸਹੂਲਤਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ | ਮੰਡੀਆਂ ਵਿਚ ਸਫ਼ਾਈ, ਪੀਣ ਵਾਲੇ ਪਾਣੀ, ਛਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਦੇ ਵੀ ਨਿਰਦੇਸ਼ ਦਿੱਤੇ ਗਏ | ਖ਼ਰੀਦ ਏਜੰਸੀਆਂ ਨੂੰ ਸਪਸ਼ਟ ਨਿਰਦੇਸ਼ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਣਕ ਦੀ ਖ਼ਰੀਦ, ਲਿਫ਼ਟਿੰਗ ਅਤੇ ਸਟੋਰੇਜ ਦੀ ਪੂਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |
ਐਸ.ਡੀ.ਐਮ. ਵਲੋਂ ਕਾਲਜ, ਸਕੂਲ, ਆਂਗਣਵਾੜੀ ਤੇ ਦਾਣਾ ਮੰਡੀ 'ਚ ਸਹੂਲਤਾਂ ਦਾ ਨਿਰੀਖਣ <br/>
ਅਜੀਤ ਡੈਸਕ
29-04-2026