ਨਵੀਂ ਦਿੱਲੀ, 28 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਅਪ੍ਰੈਲ ਮਹੀਨੇ ਵਿਚ ਇੰਨੀ ਤਪਸ਼ ਹੋ ਗਈ ਹੈ ਕਿ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ | ਗਰਮੀ ਤੋਂ ਬਚਣ ਲਈ ਲੋਕਾਂ ਦੇ ਘਰਾਂ, ਦਫ਼ਤਰਾਂ, ਫੈਕਟਰੀਆਂ ਅਤੇ ਹੋਰ ਦਫ਼ਤਰਾਂ ਦੁਕਾਨਾਂ, ਰੈਸਟੋਰੈਂਟਾਂ, ਹੋਟਲਾਂ 'ਚ ਏ. ਸੀ. ਕੂਲਰ ਤੇ ਪੱਖੇ ਖ਼ੂਬ ਚੱਲ ਰਹੇ ਹਨ, ਜਿਸ ਕਰਕੇ ਬਿਜਲੀ ਦੀ ਮੰਗ ਵਧਦੀ ਜਾ ਰਹੀ ਹੈ | ਬਿਜਲੀ ਦੀ ਮੰਗ ਵਧਣ ਨਾਲ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੂੰ ਵੀ ਮੁਸ਼ਕਿਲ ਹੋ ਰਿਹਾ ਹੈ | ਅਪ੍ਰੈਲ ਦੇ ਮਹੀਨੇ ਵਿਚ ਪਹਿਲੀ ਵਾਰ ਹੋਇਆ ਹੈ ਕਿ ਬਿਜਲੀ ਦੀ ਮੰਗ 7078 ਮੈਗਾਵਾਟ ਤੱਕ ਪੁੱਜ ਚੁੱਕੀ ਹੈ | ਇਸ ਤੋਂ ਪਹਿਲਾਂ ਸਾਲ 2024 ਅਤੇ 2025 'ਚ ਬਿਜਲੀ ਦੀ ਮੰਗ 7000 ਮੈਗਾਵਾਟ ਸੀ | ਬਿਜਲੀ ਕੰਪਨੀਆਂ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਦੇ ਹਾਲਾਤ ਰਹੇ ਤਾਂ ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਤੱਕ ਵੀ ਪੁੱਜ ਸਕਦੀ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪਹਿਲਾਂ ਮਈ, ਜੂਨ ਦੇ ਮਹੀਨੇ ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਾਟ ਤੋਂ ਜ਼ਿਆਦਾ ਹੁੰਦੀ ਸੀ ਪ੍ਰੰਤੂ ਇਸ ਵਾਰ ਅਪ੍ਰੈਲ ਮਹੀਨੇ ਹੀ ਬਿਜਲੀ ਦੀ ਮੰਗ ਵਧ ਗਈ | ਮੌਸਮ ਵਿਚ ਤੇਜ਼ੀ ਨਾਲ ਹੋ ਰਹੇ ਬਦਲਾਅ ਨੂੰ ਵੇਖਦੇ ਹੋਏ ਬਿਜਲੀ ਕੰਪਨੀ ਬੀ. ਐਸ. ਈ. ਐਸ. ਨੇ 'ਫੇਸਟ ਪਾਵਰ ਪ੍ਰੋਕਿਓਰਮੈਂਟ' ਰਣਨੀਤੀ ਅਪਣਾਈ ਹੈ | ਇਸ ਨਾਲ ਹੀ ਬਿਜਲੀ ਦੀ ਮੰਗ ਦਾ ਅੰਦਾਜ਼ਾ ਲਗਾਉਣ ਲਈ ਏ. ਆਈ. ਅਤੇ ਮਸ਼ੀਨ ਲਰਨਿੰਗ ਤਕਨੀਕਾਂ ਦਾ ਉਪਯੋਗ ਵੀ ਕੀਤਾ ਜਾ ਰਿਹਾ ਹੈ | ਇਸ ਨਾਲ ਹੀ ਗਰੀਨ ਐਂਡ ਕਲੀਨ ਐਨਰਜ਼ੀ ਦੀ ਵਰਤੋਂ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ |