ਨਵੀਂ ਦਿੱਲੀ, 5 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਮੌਸਮ ਦਾ ਵੀ ਕੁਝ ਪਤਾ ਨਹੀਂ ਲਗਦਾ, ਕਦੇ ਧੁੱਪ, ਕਦੇ ਛਾਂ, ਕਦੇ ਬੱਦਲ ਅਤੇ ਬਾਰਿਸ਼ ਹੋਣਾ ਆਦਿ ਦਾ ਸਿਲਸਿਲਾ ਪਿਛਲੇ ਦਿਨਾਂ ਤੋਂ ਚਲਦਾ ਆ ਰਿਹਾ ਹੈ | ਦਿੱਲੀ ਦੇ ਨਰੇਲਾ, ਬੁਰਾੜੀ, ਅਲੀਪੁਰ, ਛਤਰਪੁਰ, ਦੁਆਰਕਾ, ਬਾਦਲੀ, ਇਗਨੂੰ, ਆਇਆ ਨਗਰ, ਡੇਰਾ ਮੰਡੀ ਆਦਿ ਇਲਾਕਿਆਂ ਵਿਚ ਬਾਰਿਸ਼ ਹੋਣ ਦੇ ਨਾਲ ਤੇਜ਼ ਹਵਾ ਵੀ ਚੱਲੀ | ਬਾਰਿਸ਼ ਹੋਣ 'ਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੁਝ ਥਾਵਾਂ 'ਤੇ ਪਾਣੀ ਭਰਨ ਨਾਲ ਲੋਕਾਂ ਨੂੰ ਆਉਣਾ-ਜਾਣਾ ਮੁਸ਼ਕਿਲ ਹੋ ਰਿਹਾ ਹੈ | ਇਸ ਦੇ ਨਾਲ ਹੀ ਟਰੈਫਿਕ ਜਾਮ ਦੀ ਸਥਿਤੀ ਬਣ ਜਾਣ 'ਤੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗਣ ਕਾਰਨ ਲੋਕਾਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ | ਮੌਸਮ ਵਿਭਾਗ ਨੇ ਤਾਂ ਪਹਿਲਾਂ ਹੀ ਇਹ ਸਥਿਤੀ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਸੀ ਅਤੇ ਸੁਚੇਤ ਰਹਿਣ ਦੇ ਬਾਰੇ ਵੀ ਅਪੀਲ ਕੀਤੀ ਸੀ | ਕੁਝ ਥਾਵਾਂ 'ਤੇ ਬਾਰਿਸ਼ ਦੇ ਨਾਲ ਔਲੇ ਵੀ ਪਏ ਦੱਸੇ ਜਾ ਰਹੇ ਹਨ | ਬਾਰਿਸ਼ ਹੋਣ 'ਤੇ ਦਿੱਲੀ ਦਾ ਪ੍ਰਦੂਸ਼ਣ ਵੀ ਘਟਿਆ ਹੈ ਅਤੇ ਨਾਲ ਹੀ ਦਿੱਲੀ ਦਾ ਏ.ਕਿਊ.ਆਈ. ਵੀ ਘਟ ਕੇ 100 ਤੋਂ ਹੇਠਾਂ ਪੁੱਜ ਗਿਆ ਹੈ | ਮੌਸਮ ਵਿਚ ਬਦਲਾਓ ਆਉਣ ਦੇ ਕਾਰਨ ਦਿੱਲੀ ਵਿਚ ਬਿਜਲੀ ਦੀ ਖਪਤ ਵੀ ਘੱਟ ਗਈ ਹੈ | ਅਪ੍ਰੈਲ ਮਹੀਨੇ ਦੇ ਅਖੀਰਲੇ ਦਿਨਾਂ ਵਿਚ ਜ਼ਿਆਦਾ ਗਰਮੀ ਹੋ ਜਾਣ 'ਤੇ ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਾਟ ਤੱਕ ਪੁੱਜ ਗਈ ਸੀ |