ਯਮੁਨਾਨਗਰ, 5 ਮਈ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਪੁਲਿਸ ਦੀ ਟੀਮ ਵਲੋਂ ਤਿੰਨ ਵੱਖ-ਵੱਖ ਥਾਵਾਂ 'ਤੇ ਸੱਟਾ ਲਗਾਉਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਮੌਕੇ 'ਤੇ ਕੁੱਲ 9,140 ਰੁ. ਬਰਾਮਦ ਕੀਤੇ ਗਏ | ਕ੍ਰਾਈਮ ਬ੍ਰਾਂਚ-1 ਦੇ ਇੰਚਾਰਜ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਚਾਂਦਪੁਰ ਰੇਲਵੇ ਅੰਡਰਪਾਸ ਦੇ ਨੇੜੇ ਇਕ ਵਿਅਕਤੀ ਖੁੱਲ੍ਹੇਆਮ ਸੱਟਾ ਲਗਾ ਰਿਹਾ ਹੈ | ਇਸ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਰਾਜ ਕੁਮਾਰ ਪੁੱਤਰ ਦਿਨੇਸ਼ ਵਾਸੀ ਲਕਸ਼ਮੀ ਨਗਰ ਕੈਂਪ ਨੂੰ ਸੱਟਾ ਲਗਾਉਂਦੇ ਹੋਏ ਰੰਗੇ ਹੱਥੀਂ ਗਿ੍ਫ਼ਤਾਰ ਕਰ ਲਿਆ | ਉਸ ਦੀ ਤਲਾਸ਼ੀ ਲੈਣ 'ਤੇ ਉਸ ਦੇ ਕਬਜ਼ੇ 'ਚੋਂ ਕੁੱਲ 2,650 ਰੁ. ਬਰਾਮਦ ਹੋਏ | ਇਸੇ ਤਰ੍ਹਾਂ ਸਪੈਸ਼ਲ ਸਟਾਫ਼ ਦੀ ਪੁਲਿਸ ਟੀਮ ਨੇ ਸੁਭਾਸ਼ ਉਰਫ਼ ਭਾਸ਼ਾ ਪੁੱਤਰ ਫੂਲਚੰਦ ਵਾਸੀ ਅਸ਼ੋਕ ਵਿਹਾਰ ਕਾਲੋਨੀ ਜਗਾਧਰੀ ਨੂੰ ਸੱਟਾ ਲਗਾਉਂਦੇ ਹੋਏ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਅਤੇ ਮੌਕੇ 'ਤੇ ਉਸਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਕੁੱਲ 5,250 ਰੁ. ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਤੀਜੇ ਮਾਮਲੇ 'ਚ ਪੁਲਿਸ ਚੌਕੀ ਅਰਜੁਨ ਨਗਰ ਦੀ ਪੁਲਿਸ ਟੀਮ ਨੇ ਵਿੱਕੀ ਸ਼ਰਮਾ ਪੁੱਤਰ ਵਾਸੂਦੇਵ ਵਾਸੀ ਚਿੱਟਾ ਮੰਦਰ ਰੋਡ ਨੂੰ ਸੱਟਾ ਲਗਾਉਂਦੇ ਹੋਏ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਅਤੇ ਮੌਕੇ 'ਤੇ ਉਸਦੀ ਤਲਾਸ਼ੀ ਲੈਣ 'ਤੇ ਉਸ ਦੇ ਕਬਜ਼ੇ 'ਚੋਂ ਕੁੱਲ 1,240 ਰੁ. ਬਰਾਮਦ ਕੀਤੇ ਗਏ | ਮੁਲਜ਼ਮਾਂ ਖ਼ਿਲਾਫ਼ ਜੂਆ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |