ਯਮੁਨਾਨਗਰ, 5 ਮਈ (ਗੁਰਦਿਆਲ ਸਿੰਘ ਨਿਮਰ)- ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਇਕ ਕੈਂਪਸ ਪਲੇਸਮੈਂਟ ਡਰਾਈਵ ਕਰਵਾਇਆ ਗਿਆ | ਇਸ ਦੌਰਾਨ ਜੇ. ਐਸ. ਟੀ. ਆਊਟਸੋਰਸਿੰਗ ਕੰਪਨੀ ਕੁਰੂਕਸ਼ੇਤਰ ਤੋਂ ਮੈਨੇਜਰ ਅਮਿਤ ਕੁਮਾਰ ਅਤੇ ਐਚ. ਆਰ. ਹੈੱਡ ਸ਼ਵੇਤਾ ਵਲੋਂ ਵਿਦਿਆਰਥੀਆਂ ਦਾ ਇੰਟਰਵਿਊ ਲਿਆ ਗਿਆ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ, ਪਲੇਸਮੈਂਟ ਸੈੱਲ ਕਨਵੀਨਰ ਮਮਤਾ ਥਾਪਰ ਅਤੇ ਸਹਿ-ਕਨਵੀਨਰ ਸੁਸ਼ਮਾ ਸ਼ਰਮਾ ਨੇ ਕੀਤੀ | ਇਸ ਮੌਕੇ ਪਲੇਸਮੈਂਟ ਸੈੱਲ ਕਨਵੀਨਰ ਨੇ ਦੱਸਿਆ ਕਿ ਇਸ ਪਲੇਸਮੈਂਟ ਡਰਾਈਵ 'ਚ ਬੀ. ਸੀ. ਏ., ਬੀ. ਏ., ਬੀ. ਕਾਮ, ਬੀ. ਕਾਮ ਆਨਰਜ਼, ਐਮ. ਐਸ. ਸੀ. ਕੰਪਿਊਟਰ ਸਾਇੰਸ ਵਿਭਾਗ ਦੀਆਂ 64 ਵਿਦਿਆਰਥਣਾਂ ਨੇ ਹਿੱਸਾ ਲਿਆ | ਸਭ ਤੋਂ ਪਹਿਲਾਂ ਪਲੇਸਮੈਂਟ ਡਰਾਈਵ 'ਚ ਇਕ ਓਰੀਐਂਟੇਸ਼ਨ ਸੈਸ਼ਨ ਕਰਵਾਇਆ ਗਿਆ, ਜਿਸ 'ਚ ਕੰਪਨੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਤੋਂ ਬਾਅਦ ਇਕ ਸਮੂਹ ਚਰਚਾ ਦਾ ਦੌਰ ਚੱਲਿਆ, ਜਿਸ 'ਚੋਂ ਚੁਣੇ ਗਏ ਭਾਗੀਦਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ, ਜਿਸ ਦੌਰਾਨ ਕਾਲਜ ਦੀਆਂ 24 ਵਿਦਿਆਰਥਣਾਂ ਦੀ ਚੋਣ ਕੀਤੀ ਗਈ, ਜਿਸ 'ਚ ਬੀ. ਸੀ. ਏ. ਫਾਈਨਲ ਈਅਰ ਦੀਆਂ 11, ਬੀ. ਐਸ. ਸੀ. ਫਿਜ਼ੀਕਲ ਸਾਇੰਸ ਦੀਆਂ ਸੱਤ, ਬੀ. ਕਾਮ ਦੀਆਂ ਤਿੰਨ, ਇਕ-ਇਕ ਬੀ. ਏ., ਬੀ. ਕਾਮ ਆਨਰਜ਼ ਅਤੇ ਐਮ. ਐਸ. ਸੀ. ਦੀਆਂ ਵਿਦਿਆਰਥਣਾਂ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਗਾਹਕ ਸੇਵਾ ਕਾਰਜਕਾਰੀ ਅਤੇ ਮਾਰਕੀਟਿੰਗ ਕਾਰਜਕਾਰੀ ਦੇ ਅਹੁਦੇ 'ਤੇ ਨਿਯੁਕਤ ਕੀਤਾ ਜਾਵੇਗਾ | ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਪਲੇਸਮੈਂਟ ਡਰਾਈਵ ਵਿਦਿਆਰਥੀਆਂ ਲਈ ਇਕ ਕੀਮਤੀ ਮੌਕਾ ਸਾਬਿਤ ਹੋਇਆ, ਜਿਸ ਨਾਲ ਉਨ੍ਹਾਂ ਨੂੰ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਇਕ ਸ਼ਕਤੀਸ਼ਾਲੀ ਪਲੇਟਫਾਰਮ ਮਿਲਿਆ |