ਗੂਹਲਾ ਚੀਕਾ,9 ਮਈ (ਓ.ਪੀ. ਸੈਣੀ)-ਅਕਾਲ ਅਕੈਡਮੀ ਭੁੰਸਲਾ 'ਚ ਕਰਵਾਏ ਇੰਟਰ ਅਕੈਡਮੀ ਬੋਇਜ਼ ਗਤਕਾ ਟੂਰਨਾਮੈਂਟ ਵਿਚ ਅੰਡਰ-14 ਅਤੇ ਅੰਡਰ-17 ਵਰਗ ਦੀਆਂ ਪ੍ਰਤੀਯੋਗਿਤਾਵਾਂ ਬੜੇ ਉਤਸ਼ਾਹ, ਜੋਸ਼ ਅਤੇ ਖੇਡ ਭਾਵਨਾ ਨਾਲ ਸੰਪੰਨ ਹੋਈਆਂ | ਇਸ ਟੂਰਨਾਮੈਂਟ ਵਿੱਚ ਅਕਾਲ ਅਕੈਡਮੀ ਭੁੰਸਲਾ, ਅਕਾਲ ਅਕੈਡਮੀ ਹਾਬੜੀ ਅਤੇ ਅਕਾਲ ਅਕੈਡਮੀ ਗੁਰਦੁਆਰਾ ਸੱਚਾ ਸੌਦਾ ਦੀਆਂ ਟੀਮਾਂ ਨੇ ਭਾਗ ਲੈਂਦਿਆਂ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਗਤਕਾ ਕਲਾ, ਅਨੁਸ਼ਾਸਨ ਅਤੇ ਬਹਾਦਰੀ ਦਾ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ | ਕੜੇ ਮੁਕਾਬਲਿਆਂ ਤੋਂ ਬਾਅਦ ਅਕਾਲ ਅਕੈਡਮੀ ਭੁੰਸਲਾ ਦੀ ਬੋਇਜ਼ ਟੀਮ ਨੇ ਅੰਡਰ-14 ਅਤੇ ਅੰਡਰ-17 ਦੋਵੇਂ ਵਰਗਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ | ਖਿਡਾਰੀਆਂ ਦੀ ਇਸ ਉਪਲੱਬਧੀ ਨਾਲ ਪੂਰੇ ਸਕੂਲ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਵੇਖਣ ਨੂੰ ਮਿਲਿਆ | ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਗਤਕਾ ਕੋਚ ਸ੍ਰੀ ਸੁਖਚੈਨ ਸਿੰਘ ਜੀ ਦੇ ਲਗਾਤਾਰ ਮਾਰਗਦਰਸ਼ਨ, ਮਿਹਨਤ ਅਤੇ ਖਿਡਾਰੀਆਂ ਦੀ ਲਗਨ ਨੂੰ ਜਾਂਦਾ ਹੈ | ਸਕੂਲ ਦੀ ਪਿ੍ੰਸੀਪਲ ਗੁਰਜੀਤ ਕੌਰ ਜੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ, ਅਨੁਸ਼ਾਸਨ, ਟੀਮ ਭਾਵਨਾ ਅਤੇ ਆਪਣੀ ਸਭਿਆਚਾਰ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ | ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਮਾਪਿਆਂ ਵੱਲੋਂ ਵੀ ਜੇਤੂ ਟੀਮ ਦੀ ਭਰਪੂਰ ਸਰਾਹਨਾ ਕਰਦਿਆਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ |