ਨਵੀਂ ਦਿੱਲੀ, 20 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਨਗਰ ਨਿਗਮ ਦਿੱਲੀ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਆਦਿ ਬਿਮਾਰੀਆਂ ਪ੍ਰਤੀ ਪੂਰੀ ਤਰ੍ਹਾਂ ਨਾਲ ਸੁਚੇਤ ਹੋ ਗਿਆ ਹੈ | ਨਿਗਮ ਵਲੋਂ ਹੁਣ ਯੋਜਨਾ ਬਣਾਈ ਗਈ ਹੈ ਕਿ ਉਪਰੋਕਤ ਬਿਮਾਰੀਆਂ ਤੋਂ ਬਚਾਓ ਪ੍ਰਤੀ ਵੱਖ-ਵੱਖ ਸੁਸਾਇਟੀਆਂ ਵਿਚਲੀਆਂ ਆਰ.ਡਬਲਯੂ.ਏ. ਦੇ ਨਾਲ ਮਿਲ ਕੇ ਨਾਗਰਿਕਾਂ ਨੂੰ ਜਾਗਰੂਕ ਕੀਤਾ ਜਾਵੇ | ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਪ੍ਰਤੀ ਦੋ ਹਜ਼ਾਰ ਤੋਂ ਵੱਧ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ | ਇਸ ਦੇ ਨਾਲ ਡੀ.ਡੀ.ਬੀ.ਸੀ. ਅਤੇ ਐਮ.ਟੀ.ਐਸ. ਦੇ ਕਰਮਚਾਰੀਆਂ ਨੂੰ ਮੱਛਰਾਂ ਦੇ ਪ੍ਰਜਨਨ ਦੀ ਜਾਂਚ ਕਰਨ ਲਈ ਲਗਾਇਆ ਗਿਆ ਹੈ ਅਤੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਜਿੱਥੇ ਮੱਛਰਾਂ ਦਾ ਪ੍ਰਜਨਨ ਹੋ ਰਿਹਾ ਹੈ, ਉਨ੍ਹਾਂ ਲੋਕਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ | ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਮੱਛਰ ਵਿਰੋਧੀ ਦਵਾਈ ਵੀ ਛਿੜਕੀ ਜਾ ਰਹੀ ਹੈ | ਜਿਨ੍ਹਾਂ ਘਰਾਂ ਵਿਚ ਮੱਛਰਾਂ ਦਾ ਪ੍ਰਜਨਨ ਮਿਲਦਾ ਹੈ ਉਨ੍ਹਾਂ ਨੂੰ ਨੋਟਿਸ ਵੀ ਦਿੱਤਾ ਜਾ ਰਿਹਾ ਹੈ | ਇਨ੍ਹਾਂ ਕਰਮਚਾਰੀਆਂ ਤੋਂ ਕੀਤੇ ਗਏ ਕੰਮਾਂ ਦੀ ਹਫ਼ਤਾਵਰੀ ਰਿਪੋਰਟ ਦੇਣ ਲਈ ਵੀ ਕਿਹਾ ਗਿਆ ਹੈ |