ਨਵੀਂ ਦਿੱਲੀ, 20 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਅਖਿਲ ਭਾਰਤੀ ਅਨੁਸੂਚਿਤ ਜਾਤੀ ਯੁਵਾਜਨ ਸਮਾਜ ਨੇ ਦਿੱਲੀ ਵਿਚ ਪੈ ਰਹੀ ਅੰਤਾਂ ਦੀ ਗਰਮੀ ਦੌਰਾਨ ਸਫਾਈ ਕਰਮਚਾਰੀਆਂ ਨੂੰ ਸਿਹਤ, ਸੁਰੱਖਿਆ ਦੇਣ ਦਾ ਮੁੱਦਾ ਉਠਾਇਆ ਹੈ | ਇਸ ਸੰਸਥਾ ਦਾ ਕਹਿਣਾ ਹੈ ਕਿ ਦਿੱਲੀ ਨਗਰ ਨਿਗਮ ਤੇ ਹੋਰ ਏਜੰਸੀਆਂ ਦੇ ਅਧੀਨ ਸਫਾਈ ਕਰਮਚਾਰੀ ਗਰਮੀ, ਧੁੱਪ ਤੇ ਲੂ ਵਿਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਿਹਤ ਸੰਬੰਧੀ ਖਤਰਾ ਬਣਿਆ ਹੋਇਆ ਹੈ | ਸੰਸਥਾ ਦਾ ਕਹਿਣਾ ਹੈ ਕਿ ਸਫਾਈ ਕਰਮਚਾਰੀਆਂ ਨੂੰ ਸਪੈਸ਼ਲ ਰੀਟ ਰਿਸਕ ਅਲਾਊਾਸ ਅਤੇ ਭੱਤਾ ਦਿੱਤਾ ਜਾਵੇ ਅਤੇ ਨਾਲ ਹੀ ਠੰਢੇ ਪਾਣੀ ਦੀ ਵਿਵਸਥਾ, ਰੋਜ਼ਾਨਾ ਓ.ਆਰ.ਐੱਸ. ਗੁਲੂਕੋਜ਼, ਸਮਰ ਸੇਫਟੀ ਕਿੱਟ, ਐਂਬੂਲੈਂਸ ਸੇਵਾ, ਹੀਟ ਪ੍ਰੋਟੈਕਸ਼ਨ ਪਾਲਿਸੀ ਸਫਾਈ ਦੇ ਲਈ ਮਸ਼ੀਨਾਂ ਤੇ ਆਧੁਨਿਕ ਉਪਕਰਣਾਂ ਦੀ ਵਰਤੋਂ ਵਧਾਉਣ 'ਤੇ ਜ਼ੋਰ ਦਿੱਤਾ ਜਾਵੇ | ਸੰਸਥਾ ਨੇ ਰਾਜਨੀਤਕ ਪਾਰਟੀਆਂ, ਐੱਨ.ਜੀ.ਓ. ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਤੇ ਸਥਾਨਕ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਸਫਾਈ ਕਰਮਚਾਰੀਆਂ ਦੇ ਨਾਲ ਸਹਿਯੋਗ ਕਰਨ | ਸੰਸਥਾ ਦੇ ਰਾਸ਼ਟਰੀ ਜਨਰਲ ਸਕੱਤਰ, ਰਾਕੇਸ਼ ਕੁਮਾਰ ਊਜੈਨਵਾਲ ਨੇ ਕਿਹਾ ਹੈ ਕਿ ਸਫਾਈ ਕਰਮਚਾਰੀਆਂ ਦੇ ਸਨਮਾਨ, ਸੁਰੱਖਿਆ ਪ੍ਰਤੀ ਸਰਕਾਰ ਅਤੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ |