ਨਵੀਂ ਦਿੱਲੀ, 20 ਮਈ (ਡਾ. ਬਲਜਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਇਨ੍ਹਾਂ ਦਿਨਾਂ ਦੇ ਵਿਚ ਇਕ ਤਰ੍ਹਾਂ ਦੀ ਅੱਗ ਬਰਸ ਰਹੀ ਹੈ ਅਤੇ ਦਿੱਲੀ ਦਾ ਪਾਰਾ ਅਸਮਾਨ ਛੂਹ ਰਿਹਾ ਹੈ | ਇਸ ਗਰਮੀ ਦੇ ਵਿਚ ਏ.ਸੀ. ਵੀ ਪੂਰੀ ਤਰ੍ਹਾਂ ਦੇ ਨਾਲ ਕੰਮ ਨਹੀਂ ਕਰ ਰਹੇ | ਮੌਸਮ ਵਿਭਾਗ (ਆਈ.ਐੱਮ.ਡੀ.) ਦਾ ਕਹਿਣਾ ਹੈ ਕਿ ਲੂ ਦੀ ਲਹਿਰ ਜੋ ਚੱਲ ਰਹੀ ਹੈ ਉਹ 25 ਮਈ ਤੱਕ ਚੱਲੇਗੀ | ਇਸ ਦੌਰਾਨ ਅਧਿਕਤਮ ਤਾਪਮਾਨ 44 ਤੋਂ 45 ਡਿਗਰੀ ਸੈਲਸੀਅਸ ਦੇ ਆਸ-ਪਾਸ ਬਣਿਆ ਰਹੇਗਾ ਅਤੇ 25 ਮਈ ਤੱਕ ਲੂ ਦਾ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ | ਸਕਾਈਮੇਟ ਦੇ ਅਨੁਸਾਰ ਇਨ੍ਹਾਂ ਹਾਲਾਤਾਂ ਦੇ ਵਿਚ ਆਉਣ ਵਾਲੇ ਦਿਨਾਂ ਵਿਚ ਪੂਰੇ ਦਿਨ ਉੱਤਰ-ਪੱਛਮ ਦਿਸ਼ਾ ਤੋਂ ਗਰਮ ਹਵਾ ਚੱਲਦੀ ਰਹੇਗੀ ਅਤੇ ਦੁਪਹਿਰ ਦੇ ਸਮੇਂ ਗਰਮ ਹਵਾ ਦੀ ਰਫਤਾਰ ਹੋਰ ਵੀ ਤੇਜ਼ ਹੋਵੇਗੀ | ਦਿੱਲੀ ਦੇ ਵਿਚ ਦੁਪਹਿਰ ਦੇ ਸਮੇਂ ਲੋਕ ਘੱਟ ਹੀ ਘਰਾਂ 'ਚੋਂ ਨਿਕਲ ਰਹੇ ਹਨ, ਜਿਸ ਕਰਕੇ ਸੜਕਾਂ 'ਤੇ ਸੰਨਾਟਾ ਛਾਇਆ ਰਹਿੰਦਾ ਹੈ ਅਤੇ ਆਟੋ ਤੇ ਈ-ਰਿਕਸ਼ਿਆਂ ਦੀ ਵੀ ਘਾਟ ਹੁੰਦੀ ਹੈ ਕਿਉਂਕਿ ਉਨ੍ਹਾਂ ਨੂੰ ਇਸ ਸਮੇਂ ਸਵਾਰੀ ਨਹੀਂ ਮਿਲਦੀ | ਦਿੱਲੀ ਦੇ ਵਿਚ ਕੁਝ ਥਾਵਾਂ 'ਤੇ ਜੋ ਸਰਕਾਰ ਨੇ ਵਾਟਰ ਕੂਲਰ ਲਗਾਏ ਹਨ, ਉਨ੍ਹਾਂ ਦੇ ਵਿਚੋਂ ਲੋਕਾਂ ਨੂੰ ਗਰਮ ਪਾਣੀ ਮਿਲ ਰਿਹਾ ਹੈ | ਗਰਮੀ ਤੋਂ ਬਚਣ ਲਈ ਲੋਕ ਹੁਣ ਜ਼ਿਆਦਾ ਕਰਕੇ ਮੈਟਰੋ ਰੇਲ ਦੇ ਵਿਚ ਸਫਰ ਕਰ ਰਹੇ ਹਨ, ਜਿਸ ਕਰਕੇ ਮੈਟਰੋ ਰੇਲ ਵਿਚ ਸਫਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੈ | ਦਿੱਲੀ ਦੇ ਵਿਚ ਡੀ.ਟੀ.ਸੀ. ਦੀਆਂ ਏ.ਸੀ. ਬੱਸਾਂ ਦੇ ਵਿਚ ਵੀ ਹੁਣ ਜ਼ਿਆਦਾ ਲੋਕਾਂ ਨੇ ਸਫਰ ਕਰਨਾ ਸ਼ੁਰੂ ਕਰ ਦਿੱਤਾ ਹੈ |