ਡੱਬਵਾਲੀ, 22 ਮਈ (ਇਕਬਾਲ ਸਿੰਘ ਸ਼ਾਂਤ)-ਦੇਸ਼ ਵਿੱਚ ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਖ਼ਿਲਾਫ਼ ਯੂਥ ਕਾਂਗਰਸ ਵਰਕਰਾਂ ਦਾ ਗੁੱਸਾ ਫੁੱਟ ਪਿਆ ਹੈ | ਯੂਥ ਕਾਂਗਰਸ ਦੇ ਵਰਕਰਾਂ ਨੇ ਅੱਜ ਸਥਾਨਕ ਸਿਲਵਰ ਜੁਬਲੀ ਚੌਕ 'ਤੇ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ | ਹੱਥਾਂ ਵਿੱਚ ਤਖ਼ਤੀਆਂ ਸਮੇਤ ਨੌਜਵਾਨ ਵਰਕਰਾਂ ਨੇ ਪ੍ਰਧਾਨ ਮੰਤਰੀ ਨੂੰ 'ਮਹਿੰਗਾਈ ਮੈਨ' ਕਰਾਰ ਦਿੰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਰੋਸ ਮੁਜਾਹਰੇ ਦੌਰਾਨ ਯੂਥ ਕਾਂਗਰਸ ਆਗੂ ਪਰਮਵੀਰ ਜੈਨ, ਸੀਨੀਅਰ ਆਗੂ ਰਾਕੇਸ਼ ਬੱਬਰ, ਸਾਬਕਾ ਕੌਂਸਲਰ ਰਵਿੰਦਰ ਬਬਲੂ ਤੇ ਹੋਰਾਂ ਨੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਸਿੱਧੇ ਨਿਸ਼ਾਨੇ 'ਤੇ ਲਿਆ | ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਅੱਜ 'ਮਹਿੰਗਾਈ ਮੈਨ' ਦੀ ਸਰਕਾਰ ਵਿੱਚ ਉੱਚ ਸਿੱਖਿਆ ਪ੍ਰਾਪਤ ਨੌਜਵਾਨ ਵੀ ਰੁਜ਼ਗਾਰ ਲਈ ਦਰ-ਦਰ ਭਟਕਣ ਨੂੰ ਮਜ਼ਬੂਰ ਹਨ | ਵੱਡੇ-ਵੱਡੇ ਵਾਅਦਿਆਂ ਦੇ ਬਾਵਜੂਦ ਜ਼ਮੀਨੀ ਪੱਧਰ 'ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੋਈ ਠੋਸ ਨੀਤੀ ਨਹੀਂ ਬਣਾਈ ਗਈ | ਸਰਕਾਰੀ ਮਹਿਕਮਿਆਂ ਵਿੱਚ ਸਾਲਾਂ ਤੋਂ ਲੱਖਾਂ ਅਹੁਦੇ ਖਾਲੀ ਪਏ ਹਨ, ਪਰ ਉਨ੍ਹਾਂ ਨੂੰ ਭਰਨ ਦੀ ਕੋਈ ਕਦਮ ਨਹੀਂ ਚੁੱਕਿਆ ਜਾ ਦਰਹਾ | ਜੇਕਰ ਸਮਾਂ ਰਹਿੰਦੇ ਨੌਜਵਾਨਾਂ ਦੇ ਰੁਜ਼ਗਾਰ ਅਤੇ ਆਮ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ, ਤਾਂ ਆਗਾਮੀ ਦਿਨਾਂ ਵਿੱਚ ਯੂਥ ਕਾਂਗਰਸ ਮਜ਼ਬੂਰ ਹੋ ਕੇ ਹੋਰ ਵੱਡਾ ਅੰਦੋਲਨ ਛੇੜੇਗੀ |