ਯਮੁਨਾਨਗਰ, 26 ਮਈ (ਗੁਰਦਿਆਲ ਸਿੰਘ ਨਿਮਰ)-12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਯੂਸ਼ ਵਿਭਾਗ ਵਲੋਂ 25 ਮਈ ਤੋਂ 30 ਮਈ ਤੱਕ ਤੇਜਲੀ ਸਪੋਰਟਸ ਕੰਪਲੈਕਸ ਵਿਖੇ ਖਿਡਾਰੀਆਂ ਲਈ 5 ਦਿਨਾਂ ਯੋਗ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ, ਜਿਸ 'ਚ ਜ਼ਿਲ੍ਹਾ ਯੁਵਾ ਪ੍ਰੋਗਰਾਮ ਅਤੇ ਖੇਡ ਅਧਿਕਾਰੀ ਸ਼ਿਲਪਾ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਯੋਗ, ਜੀਵਨ ਜਿਊਣ ਦੀ ਕਲਾ ਹੋਣ ਦੇ ਨਾਲ-ਨਾਲ ਇਕ ਸੰਪੂਰਨ ਡਾਕਟਰੀ ਵਿਗਿਆਨ ਅਤੇ ਅਧਿਆਤਮਿਕ ਅਭਿਆਸ ਹੈ, ਜੋ ਭਾਰਤ ਦਾ ਦੁਨੀਆ ਨੂੰ ਤੋਹਫ਼ਾ ਹੈ | ਆਯੂਸ਼ ਵਿਭਾਗ ਦੇ ਯੋਗ ਮਾਹਿਰ ਡਾ. ਸ਼ਿਵ ਸੈਣੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿ ਕੇ ਹੀ ਜੀਵਨ ਵਿਚ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਯੋਗਾ ਇਕ ਦਿਨ ਜਾਂ ਇਕ ਹਫ਼ਤੇ ਲਈ ਨਹੀਂ ਹੈ, ਸਗੋਂ ਇਸਨੂੰ ਹਰ ਕਿਸੇ ਦੀ ਜੀਵਨ ਸ਼ੈਲੀ ਵਿਚ ਨਿਯਮਿਤ ਤੌਰ 'ਤੇ ਸ਼ਾਮਿਲ ਕਰਨਾ ਚਾਹੀਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਯੋਗਾ ਅਤੇ ਆਯੁਰਵੈਦ ਸਰੀਰ, ਮਨ ਤੇ ਆਤਮਾ ਵਿਚਕਾਰ ਸੰਤੁਲਨ ਬਣਾ ਕੇ ਸਿਹਤ ਨੂੰ ਬਿਹਤਰ ਬਣਾਉਂਦੇ ਹਨ |