ਸਿਰਸਾ, 26 ਮਈ (ਭੁਪਿੰਦਰ ਪੰਨੀਵਾਲੀਆ)- ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਖੇਤਰੀ ਏਕੀਕਿ੍ਤ ਕੀਟ ਪ੍ਰਬੰਧਨ ਕੇਂਦਰ ਫਰੀਦਾਬਾਦ ਅਤੇ ਜ਼ਿਲ੍ਹਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸਿਰਸਾ ਦੇ ਅਧਿਕਾਰੀਆਂ ਨੇ ਇੱਕ ਸਾਂਝਾ ਕਪਾਹ ਫਸਲ ਸਰਵੇਖਣ ਕੀਤਾ ਤੇ ਕਿਸਾਨਾਂ ਨੂੰ ਨਰਮੇ ਕਪਾਹ ਦੀਆਂ ਬਿਮਾਰੀਆਂ ਦੇ ਪ੍ਰਬੰਧਨ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ | ਖੇਤਰੀ ਏਕੀਕਿ੍ਤ ਕੀਟ ਪ੍ਰਬੰਧਨ ਕੇਂਦਰ ਫਰੀਦਾਬਾਦ ਦੇ ਖੇਤਰੀ ਮੁਖੀ ਅਤੇ ਡਿਪਟੀ ਡਾਇਰੈਕਟਰ ਡਾ. ਵੰਦਨਾ ਪਾਂਡੇ ਦੇ ਨਿਰਦੇਸ਼ਾਂ ਹੇਠ ਖੇਤੀਬਾੜੀ ਵਿਭਾਗ ਸਿਰਸਾ ਦੇ ਡਾ. ਵਿਜੇਂਦਰ ਪਾਲ ਦੀ ਸਹਾਇਤਾ ਨਾਲ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਕਪਾਹ ਤੇ ਨਰਮੇ ਦੀ ਫਸਲਾਂ ਦਾ ਨਿਰੀਖਣ ਕੀਤਾ ਗਿਆ | ਕਿਸਾਨਾਂ ਨੂੰ ਕਪਾਹ ਵਿੱਚ ਕੀੜਿਆਂ ਅਤੇ ਬਿਮਾਰੀਆਂ ਨੂੰ ਰੋਕਣ ਲਈ ਮਕੈਨੀਕਲ ਅਤੇ ਜੈਵਿਕ ਕੀਟ ਨਿਯੰਤਰਣ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਗਈ | ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਕੀੜਿਆਂ ਦੀ ਨਿਗਰਾਨੀ ਅਤੇ ਰੋਕਥਾਮ ਲਈ ਫਸਲ ਸੀਜ਼ਨ ਦੇ ਸ਼ੁਰੂਆਤੀ ਪੜਾਵਾਂ ਦੌਰਾਨ ਇੱਕ ਖੇਤ ਵਿੱਚ ਘੱਟੋ-ਘੱਟ ਚਾਰ ਫੇਰੋਮੋਨ ਟਰੈਪ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ | ਸਰਵੇਖਣ ਦੌਰਾਨ, ਕਿਸਾਨਾਂ ਨੂੰ ਮੋਬਾਈਲ ਐਪ (ਰਾਸ਼ਟਰੀ ਕੀਟ ਨਿਗਰਾਨੀ ਪ੍ਰਣਾਲੀ) ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਇਸ ਐਪ ਰਾਹੀਂ ਕਿਸਾਨ ਆਪਣੀਆਂ ਫਸਲਾਂ ਨੂੰ ਪ੍ਰਭਾਵਿਤ ਕਰਨ ਵਾਲੇ ਕੀੜਿਆਂ ਅਤੇ ਬਿਮਾਰੀਆਂ ਬਾਰੇ ਤੁਰੰਤ ਜਾਣਕਾਰੀ ਅਤੇ ਜ਼ਰੂਰੀ ਸਲਾਹ ਪ੍ਰਾਪਤ ਕਰ ਸਕਦੇ ਹਨ ਜਿਸ ਨਾਲ ਬੇਲੋੜੇ ਰਸਾਇਣਕ ਕੀਟਨਾਸ਼ਕਾਂ ਦੀ ਵਰਤੋਂ ਨੂੰ ਘਟਾਉਣ ਵਿੱਚ ਮਦਦ ਮਿਲੇਗੀ |