ਯਮੁਨਾਨਗਰ, 26 ਮਈ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਸਰਕਾਰ ਨੇ ਹਰਿਆਣਾ ਮਹਿਲਾ ਵਿਕਾਸ ਨਿਗਮ ਰਾਹੀਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦੀ ਆਰਥਿਕ ਤੇ ਸਮਾਜਿਕ ਸਥਿਤੀ ਨੂੰ ਬਿਹਤਰ ਬਣਾਉਣ ਲਈ ਬੈਂਕਾਂ ਰਾਹੀਂ 5 ਲੱਖ ਰੁ. ਤੱਕ ਦੇ ਕਰਜ਼ੇ ਪ੍ਰਦਾਨ ਕਰਨ ਦੀ ਯੋਜਨਾ ਲਾਗੂ ਕੀਤੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਦੱਸਿਆ ਕਿ ਇਸ ਵਿੱਤੀ ਸਾਲ ਵਿਚ ਯਮੁਨਾਨਗਰ ਜ਼ਿਲ੍ਹੇ ਲਈ 48 ਮਾਮਲਿਆਂ ਦਾ ਟੀਚਾ ਰੱਖਿਆ ਗਿਆ ਹੈ | ਇਸ ਯੋਜਨਾ ਦੇ ਤਹਿਤ 5 ਲੱਖ ਰੁ. ਤੱਕ ਦੀ ਸਾਲਾਨਾ ਆਮਦਨ ਵਾਲੀਆਂ ਅਤੇ 18 ਤੋਂ 60 ਸਾਲ ਦੀ ਉਮਰ ਦੀਆਂ ਮਹਿਲਾਵਾਂ ਯੋਗ ਹਨ | ਉਨ੍ਹਾਂ ਕਿਹਾ ਕਿ ਬਿਨੈਕਾਰਾਂ ਨੂੰ ਪਿਛਲੇ ਕਿਸੇ ਵੀ ਕਰਜ਼ੇ 'ਤੇ ਡਿਫਾਲਟਰ ਨਹੀਂ ਹੋਣਾ ਚਾਹੀਦਾ | ਇਸ ਯੋਜਨਾ ਤਹਿਤ ਹਰਿਆਣਾ ਮਹਿਲਾ ਵਿਕਾਸ ਨਿਗਮ ਕਿਸ਼ਤਾਂ ਦੀ ਸਮੇਂ ਸਿਰ ਅਦਾਇਗੀ 'ਤੇ ਤਿੰਨ ਸਾਲਾਂ ਲਈ 7 ਪ੍ਰਤੀਸ਼ਤ ਵਿਆਜ 'ਤੇ ਸਬਸਿਡੀ ਪ੍ਰਦਾਨ ਕਰੇਗਾ | ਨਿਗਮ ਦੇ ਜ਼ਿਲ੍ਹਾ ਮੈਨੇਜਰ ਕਿਰਨ ਬਾਲਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸ਼ਹਿਰੀ/ਪੇਂਡੂ ਯੋਗ ਵਿਅਕਤੀਆਂ ਲਈ ਆਟੋ ਰਿਕਸ਼ਾ, ਛੋਟੇ ਸਮਾਨ ਢੋਣ ਵਾਲੇ ਵਾਹਨ, ਤਿੰਨ ਪਹੀਆ ਵਾਹਨ, ਸਿਲਾਈ, ਕਢਾਈ, ਕਰਿਆਨੇ, ਸ਼ਾਹੂਕਾਰ, ਰੇਡੀਮੇਡ ਕੱਪੜੇ, ਕੱਪੜੇ ਦੀ ਦੁਕਾਨ, ਬੁਟੀਕ ਅਤੇ ਜਨਰਲ ਸਟੋਰ ਆਦਿ ਵਰਗੀਆਂ ਵੱਖ-ਵੱਖ ਗਤੀਵਿਧੀਆਂ ਲਈ ਕਰਜ਼ੇ ਉਪਲਬਧ ਹਨ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਨਿਗਮ ਦੇ ਦਫ਼ਤਰ ਹਰਿਆਣਾ ਮਹਿਲਾ ਵਿਕਾਸ ਨਿਗਮ ਕਿ੍ਸ਼ਨਾ ਕਾਲੋਨੀ ਕਾਮਨੀ ਚੌਕ ਯਮੁਨਾਨਗਰ ਨੇੜੇ ਮੋਬਾਈਲ ਮਾਰਕੀਟ ਜਾਂ ਟੈਲੀਫੋਨ ਨੰਬਰ -01732-250041 'ਤੇ ਸੰਪਰਕ ਕੀਤਾ ਜਾ ਸਕਦਾ ਹੈ |