ਫ਼ਤਿਹਾਬਾਦ, 26 ਮਈ (ਹਰਬੰਸ ਸਿੰਘ ਮੰਡੇਰ)- ਘਰ-ਘਰ ਜਾ ਕੇ ਕੀਤੀ ਜਾ ਰਹੀ ਜਨਗਣਨਾ ਮੁਹਿੰਮ 'ਚ ਫ਼ਤਿਹਾਬਾਦ ਜ਼ਿਲ੍ਹੇ ਨੇ ਹਰਿਆਣਾ ਭਰ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ | ਜ਼ਿਲ੍ਹਾ ਪ੍ਰਸ਼ਾਸਨ ਨੇ 31 ਮਈ ਦੀ ਆਖ਼ਰੀ ਮਿਤੀ ਤੋਂ 5 ਦਿਨ ਪਹਿਲਾਂ ਜਨਗਣਨਾ ਦਾ 100 ਪ੍ਰਤੀਸ਼ਤ ਕੰਮ ਪੂਰਾ ਕਰ ਕੇ ਸੂਬੇ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਹ ਪ੍ਰਾਪਤੀ ਨਾ ਸਿਰਫ਼ ਜ਼ਿਲ੍ਹੇ ਦੀ ਪ੍ਰਸ਼ਾਸਨਿਕ ਕੁਸ਼ਲਤਾ ਨੂੰ ਪ੍ਰਮਾਣਿਤ ਕਰਦੀ ਹੈ ਬਲਕਿ ਇਹ ਵੀ ਦਰਸਾਉਂਦੀ ਹੈ ਕਿ ਯੋਜਨਾਬੱਧ ਰਣਨੀਤੀ, ਸਟਾਫ਼ ਦੀ ਸਖ਼ਤ ਮਿਹਨਤ ਅਤੇ ਜਨਤਾ ਦੇ ਸਹਿਯੋਗ ਨਾਲ ਕਿਸੇ ਵੀ ਵੱਡੇ ਟੀਚੇ ਨੂੰ ਸਮੇਂ ਤੋਂ ਪਹਿਲਾਂ ਪ੍ਰਾਪਤ ਕੀਤਾ ਜਾ ਸਕਦਾ ਹੈ | ਇਹ ਵਿਸ਼ੇਸ਼ ਮੁਹਿੰਮ 1 ਮਈ ਨੂੰ ਸ਼ੁਰੂ ਹੋਈ ਸੀ, ਜਿਸ ਦੀ 8 ਜ਼ੋਨਾਂ 'ਚ ਯੋਜਨਾਬੱਧ ਨਿਗਰਾਨੀ ਕੀਤੀ ਗਈ | ਡਿਪਟੀ ਕਮਿਸ਼ਨਰ ਡਾ. ਵਿਵੇਕ ਭਾਰਤੀ ਦੇ ਦਿਸ਼ਾ-ਨਿਰਦੇਸ਼ਾਂ ਹੇਠ 1 ਮਈ ਨੂੰ ਘਰ-ਘਰ ਜਾ ਕੇ ਜ਼ਿਲ੍ਹਾ ਪੱਧਰੀ ਜਨਗਣਨਾ ਮੁਹਿੰਮ ਸ਼ੁਰੂ ਹੋਈ | ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਪੂਰੇ ਜ਼ਿਲ੍ਹੇ ਨੂੰ 8 ਜ਼ੋਨਾਂ 'ਚ ਵੰਡਿਆ ਗਿਆ | ਹਰੇਕ ਜ਼ੋਨ 'ਚ ਚਾਰਜ ਅਫ਼ਸਰ ਨਿਯੁਕਤ ਕੀਤੇ ਗਏ ਸਨ, ਜਿਨ੍ਹਾਂ ਅਧੀਨ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਦੀਆਂ ਟੀਮਾਂ ਫ਼ੀਲਡ 'ਚ ਲਗਾਤਾਰ ਸਰਗਰਮ ਰਹੀਆਂ | ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਪੂਰੀ ਜ਼ਿੰਮੇਵਾਰੀ ਤੇ ਸਮਰਪਣ ਨਾਲ ਆਪਣੀਆਂ ਡਿਊਟੀਆਂ ਨਿਭਾਈਆਂ, ਜਿਸ ਦੇ ਨਤੀਜੇ ਵਜੋਂ ਪ੍ਰੋਜੈਕਟ ਸਮੇਂ ਤੋਂ ਪਹਿਲਾਂ ਪੂਰਾ ਹੋਇਆ | ਘਰ-ਘਰ ਜਾ ਕੇ ਜਨਗਣਨਾ ਮੁਹਿੰਮ ਤਹਿਤ ਜ਼ਿਲ੍ਹੇ 'ਚ ਕੁੱਲ 3 ਲੱਖ 44 ਹਜ਼ਾਰ 506 ਘਰਾਂ ਦੀ ਗਿਣਤੀ ਕੀਤੀ ਗਈ | ਇਸ ਉਦੇਸ਼ ਲਈ 1 ਹਜ਼ਾਰ 790 ਘਰਾਂ ਦੀ ਸੂਚੀ ਬਣਾਉਣ ਵਾਲੇ ਬਲਾਕ ਬਣਾਏ ਗਏ ਸਨ ਅਤੇ ਹਰੇਕ ਬਲਾਕ ਲਈ ਇੱਕ ਗਿਣਤੀਕਾਰ ਨਿਯੁਕਤ ਕੀਤਾ ਗਿਆ ਸੀ | ਫ਼ਤਿਹਾਬਾਦ ਤਹਿਸੀਲ ਚਾਰਜ ਅਫ਼ਸਰ ਦੇ ਅਧੀਨ ਸਭ ਤੋਂ ਵੱਧ 736 ਹਾਊਸ ਲਿਫ਼ਟਿੰਗ ਬਲਾਕ ਬਣਾਏ ਗਏ ਸਨ | ਇਸ ਤੋਂ ਇਲਾਵਾ ਟੋਹਾਣਾ ਤਹਿਸੀਲ 'ਚ 347, ਰਤੀਆ 'ਚ 238, ਫ਼ਤਿਹਾਬਾਦ ਨਗਰ ਪ੍ਰੀਸ਼ਦ 'ਚ 162, ਟੋਹਾਣਾ ਨਗਰ ਪ੍ਰੀਸ਼ਦ 'ਚ 130, ਰਤੀਆ ਨਗਰ ਪ੍ਰੀਸ਼ਦ 'ਚ 88, ਭੂਨਾ ਨਗਰ ਪ੍ਰੀਸ਼ਦ 'ਚ 59 ਅਤੇ ਜਾਖ਼ਲ ਨਗਰ ਪ੍ਰੀਸ਼ਦ 'ਚ 30 ਬਣਾਏ ਗਏ ਸਨ | ਫ਼ਤਿਹਾਬਾਦ ਤਹਿਸੀਲ 'ਚ ਸਭ ਤੋਂ ਵੱਧ ਘਰਾਂ ਦੀ ਗਿਣਤੀ ਹੈ | ਜਨਗਣਨਾ ਦੌਰਾਨ ਤਹਿਸੀਲ ਫ਼ਤਿਹਾਬਾਦ 'ਚ ਸਭ ਤੋਂ ਵੱਧ 1 ਲੱਖ 31 ਹਜ਼ਾਰ 850 ਘਰਾਂ ਦੀ ਗਿਣਤੀ ਕੀਤੀ ਗਈ | ਤਹਿਸੀਲ ਟੋਹਾਣਾ 68 ਹਜ਼ਾਰ 215, ਤਹਿਸੀਲ ਰਤੀਆ 50 ਹਜ਼ਾਰ 589, ਐਮ.ਸੀ. ਫ਼ਤਿਹਾਬਾਦ 35 ਹਜ਼ਾਰ 355, ਐਮ.ਸੀ. ਟੋਹਾਣਾ 26 ਹਜ਼ਾਰ 713, ਐਮ.ਸੀ. ਰਤੀਆ 16 ਹਜ਼ਾਰ 107, ਐਮ.ਸੀ. ਭੂਨਾ 10 ਹਜ਼ਾਰ 360 ਅਤੇ ਐਮ.ਸੀ. ਜਾਖ਼ਲ 5 ਹਜ਼ਾਰ 317 'ਚ ਘਰਾਂ ਦੀ ਗਿਣਤੀ ਪੂਰੀ ਕੀਤੀ ਗਈ | ਡਿਪਟੀ ਕਮਿਸ਼ਨਰ ਡਾ. ਵਿਵੇਕ ਭਾਰਤੀ ਨੇ ਇਸ ਪ੍ਰਾਪਤੀ ਲਈ ਸਾਰੇ ਚਾਰਜ ਅਫ਼ਸਰਾਂ, ਸੁਪਰਵਾਈਜ਼ਰਾਂ, ਗਿਣਤੀਕਾਰਾਂ ਅਤੇ ਸਬੰਧਿਤ ਵਿਭਾਗੀ ਅਧਿਕਾਰੀਆਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਜਨਗਣਨਾ ਸਿਰਫ਼ ਇੱਕ ਪ੍ਰਸ਼ਾਸਕੀ ਅਭਿਆਸ ਨਹੀਂ ਹੈ ਸਗੋਂ ਇੱਕ ਮਹੱਤਵਪੂਰਨ ਰਾਸ਼ਟਰੀ ਕਾਰਜ ਹੈ, ਜੋ ਦੇਸ਼ ਦੀ ਯੋਜਨਾਬੰਦੀ ਅਤੇ ਵਿਕਾਸ ਦੀ ਦਿਸ਼ਾ ਨਿਰਧਾਰਿਤ ਕਰਦਾ ਹੈ | ਡੀ.ਸੀ. ਨੇ ਕਿਹਾ ਕਿ ਇਹ ਪ੍ਰਾਪਤੀ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਅਤੇ ਭਵਿੱਖ 'ਚ ਵੀ ਪ੍ਰਸ਼ਾਸਨ ਇਸੇ ਲਗਨ ਪਾਰਦਰਸ਼ਤਾ ਤੇ ਜਨਤਕ ਸਹਿਯੋਗ ਨਾਲ ਵਿਕਾਸ ਤੇ ਲੋਕ ਭਲਾਈ ਦੇ ਕੰਮਾਂ 'ਚ ਤੇਜ਼ੀ ਲਿਆਉਂਦਾ ਰਹੇਗਾ |