ਨਵੀਂ ਦਿੱਲੀ,27 ਮਈ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਕੌਮੀ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ,ਸਰਕਾਰਾਂ ਨੂੰ ਕਦੀ ਵੀ ਅਜਿਹਾ ਸੁਨੇਹਾ ਨਹੀਂ ਦੇਣਾ ਚਾਹੀਦਾ ਕਿ ਉਹ (ਸਰਕਾਰਾਂ) ਅਸਿੱਧੇ ਰੂਪ 'ਚ ਆਪਣੇ ਪਿਆਦਿਆਂ ਦੀ ਮਦਦ ਰਾਹੀਂ ਸਿੱਖਾਂ ਦੇ ਗੁਰਧਾਮਾਂ 'ਤੇ ਕਬਜ਼ਾ ਕਰਨ ਲਈ ਪੱਬਾਂ ਭਾਰ ਹੋ ਚੁੱਕੀਆਂ ਹਨ¢ ਦਰਅਸਲ ਦਿੱਲੀ ਗੁਰਦੁਆਰਾ ਚੋਣਾਂ ਵਿਚ ਦੇਰੀ ਨੂੰ ਲੈ ਕੇ ਦਿੱਲੀ ਹਾਈ ਕੋਰਟ ਵਿਚ ਚੱਲ ਰਹੇ ਮਾਮਲੇ ਦੀ ਸੁਣਵਾਈ ਮੌਕੇ ਹੈਰਾਨੀਜਨਕ ਤਰੀਕੇ ਨਾਲ ਪੇਸ਼ ਹੋਏ ਕੇਂਦਰ ਸਰਕਾਰ ਦੇ ਐਡੀਸ਼ਨਲ ਸਾਲਿਸਿਟਰ ਜਨਰਲ (ਏ.ਐਸ.ਜੀ.) ਚੈਤਨ ਸ਼ਰਮਾ ਨੇ ਕਿਹਾ ਕਿ ਫ਼ਿਲਹਾਲ ਗੁਰਦੁਆਰਾ ਚੋਣਾਂ ਕਰਾਉਣਾ ਸੰਭਵ ਨਹੀਂ ਕਿਉਂਕਿ ਦਿੱਲੀ ਵਿਚ ਐੱਸ.ਆਈ.ਆਰ. ਦੀ ਪ੍ਰਕਿਰਿਆ ਚੱਲ ਰਹੀ ਹੈ ¢ ਸਰਨਾ ਤੇ ਸ਼ੰਟੀ ਨੇ ਕਿਹਾ ਕਿ ਪਿਛੋਕੜ 'ਚ ਦਿੱਲੀ ਹਾਈ ਕੋਰਟ ਵੱਲੋਂ 30 ਸਤੰਬਰ 2026 ਤੱਕ ਦਿੱਲੀ ਗੁਰਦੁਆਰਾ ਚੋਣਾਂ ਕਰਾਉਣ ਦਾ ਆਦੇਸ਼ ਦਿੱਤਾ ਜਾ ਚੁੱਕਾ ਹੈ ਜੋ ਹਾਲੇ ਵੀ ਕਾਇਮ ਹੈ ¢ ਪਰ ਚੋਣਾਂ ਨੂੰ ਲਮਕਾਉਣ ਲਈ ਜਿਸ ਤਰੀਕੇ ਨਾਲ ਇਸ ਛੋਟੇ ਜਿਹੇ ਕੇਸ ਵਿਚ ਏ.ਐੱਸ.ਜੀ. ਨੂੰ ਪੇਸ਼ ਕਰਾਇਆ ਗਿਆ, ਉਹ ਗੁਰਦੁਆਰਾ ਚੋਣ ਡਾਇਰੈਕਟੋਰੇਟ, ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਤੇ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ 'ਤੇ ਵੀ ਵੱਡੇ ਸਵਾਲ ਖੜ੍ਹੇ ਕਰਦਾ ਹੈ ¢ ਉਨ੍ਹਾਂ ਕਿਹਾ ਕਿ ਏਨੇ ਵੱਡੇ ਵੱਡੇ ਪੰਥਕ ਮਾਮਲਿਆਂ 'ਚ ਸਿੱਖਾਂ ਦੇ ਹੱਕ 'ਚ ਕਦੀ ਏ.ਐੱਸ.ਜੀ. ਪੇਸ਼ ਨਹੀਂ ਹੋਏ ਤਾਂ ਇਹ ਗੁਰਦੁਆਰਾ ਚੋਣਾਂ ਸਬੰਧੀ ਛੋਟੇ ਮਾਮਲੇ 'ਚ ਕਿਵੇਂ ਪੇਸ਼ ਹੋ ਗਏ? ਸਰਨਾ ਤੇ ਸ਼ੰਟੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰਾ ਚੋਣਾਂ ਨੂੰ ਸਿੱਧੇ-ਅਸਿੱਧੇ ਤਰੀਕੇ ਪ੍ਰਭਾਵਿਤ ਕਰਨ ਵਾਲੇ ਸਿਰਸਾ ਨੂੰ ਵਜ਼ਾਰਤ ਤੋਂ ਤੁਰੰਤ ਬਰਖ਼ਾਸਤ ਕੀਤਾ ਜਾਵੇ ¢ ਇਸ ਦੇ ਨਾਲ ਹੀ ਜਦ ਚੋਣਾਂ ਨਹੀਂ ਹੋ ਜਾਂਦੀਆਂ ਤਦ ਤੱਕ ਦਿੱਲੀ ਕਮੇਟੀ ਨੂੰ ਭੰਗ ਕਰ ਕੇ 5 ਸਾਬਕਾ ਪ੍ਰਧਾਨਾਂ ਦਾ ਬੋਰਡ ਗਠਿਤ ਕਰ ਦਿੱਤਾ ਜਾਵੇ ¢