ਨਵੀਂ ਦਿੱਲੀ, 27 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਬਕਰੀਦ (ਈਦ-ਉਲ ਅਜ਼ਹਾ) ਨੂੰ ਵੇਖਦੇ ਹੋਏ ਦਿੱਲੀ ਵਿਚ ਸ਼ਾਂਤੀ ਦਾ ਮਾਹੌਲ ਰੱਖਣ ਲਈ ਦਿੱਲੀ ਪੁਲਿਸ ਪੂਰੀ ਤਰ੍ਹਾਂ ਨਾਲ ਸੁਚੇਤ ਹੈ | ਸੰਵੇਦਨਸ਼ੀਲ ਇਲਾਕਿਆਂ ਵਿਚ ਪੁਲਿਸ, ਪੈਰਾਮਿਲਟਰੀ ਫੋਰਸ ਨੇ ਫਲੈਗ ਮਾਰਚ ਵੀ ਕੀਤਾ ਹੈ ਅਤੇ ਨਾਲ ਹੀ ਪੁਲਿਸ ਦਾ ਖੁਫੀਆ ਵਿਭਾਗ ਵੀ ਸਰਗਰਮ ਹੈ | ਰਾਤ ਦੇ ਸਮੇਂ ਪੁਲਿਸ ਗਸ਼ਤ ਵੀ ਕਰ ਰਹੀ ਹੈ ਤਾਂ ਕਿ ਲੋਕ ਸ਼ਾਂਤੀ ਬਣਾਈ ਰੱਖਣ | ਪੁਲਿਸ ਨੇ ਦਿੱਲੀ ਦੇ ਸਾਰੇ ਜ਼ਿਲਿ੍ਹਆਂ ਵਿਚ ਜ਼ਿਲ੍ਹਾ ਪੱਧਰ 'ਤੇ ਅਮਨ ਕਮੇਟੀਆਂ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਅਤੇ ਮਾਰਕੀਟ ਵੈੱਲਫੇਅਰ ਐਸੋਸੀਏਸ਼ਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਮਨ, ਸ਼ਾਂਤੀ ਬਣਾਏ ਰੱਖਣ ਲਈ ਆਪਣਾ ਯੋਗਦਾਨ ਦੇਣ | ਦਿੱਲੀ ਪੁਲਿਸ ਨੇ ਲੋਕਾਂ ਨੂੰ ਇਹ ਵੀ ਕਿਹਾ ਹੈ ਕਿ ਜੇਕਰ ਕਿਤੇ ਕੋਈ ਸ਼ੱਕੀ ਵਸਤੂ ਨਜ਼ਰ ਆਵੇ ਤਾਂ ਉਹ ਪੁਲਿਸ ਨੂੰ ਉਸ ਦੀ ਸੂਚਨਾ ਦੇਣ ਅਤੇ ਨਾਲ ਹੀ ਫੈਲ ਰਹੀਆਂ ਅਫਵਾਹਾਂ ਤੋਂ ਸਾਵਧਾਨ ਰਹਿਣ | ਦਿੱਲੀ ਵਿਚ ਪੈਰਾਮਿਲਟਰੀ ਫੋਰਸ ਦੀਆਂ ਕਈ ਕੰਪਨੀਆਂ ਨੂੰ ਬੁਲਾਇਆ ਗਿਆ ਹੈ ਜਿਨ੍ਹਾਂ ਨੂੰ ਹਰ ਜ਼ਿਲ੍ਹੇ ਵਿਚ ਭੇਜਿਆ ਗਿਆ ਹੈ | ਧਾਰਮਿਕ ਰੂਪ ਤੋਂ ਸੰਵੇਦਨਸ਼ੀਲ ਇਲਾਕਿਆਂ ਵਿਚ ਜ਼ਿਆਦਾ ਫੋਰਸ ਭੇਜੀ ਗਈ ਹੈ ਅਤੇ ਨਾਲ ਹੀ ਧਾਰਮਿਕ ਸਥਾਨਾਂ ਦੀ ਸੁਰੱਖਿਆ ਹੋਰ ਵੀ ਵਧਾਈ ਗਈ ਹੈ | ਸਮੁੱਚੇ ਮਾਹੌਲ ਦੀ ਦੇਖ-ਰੇਖ ਲਈ ਟੀਮਾਂ ਵੀ ਬਣਾਈਆਂ ਗਈਆਂ ਹਨ |