ਨਵੀਂ ਦਿੱਲੀ, 27 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਜ਼ਿਆਦਾ ਪੈ ਰਹੀ ਗਰਮੀ ਨੇ ਲੋਕਾਂ ਦੀਆਂ ਮੁਸ਼ਕਿਲਾਂ 'ਚ ਵਾਧਾ ਕਰ ਦਿੱਤਾ ਹੈ | ਮੌਸਮ ਵਿਭਾਗ ਨੇ 29 ਮਈ ਤੱਕ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ ਅਤੇ ਅਗਲੇ 4 ਦਿਨ 46 ਤੋਂ 47 ਡਿਗਰੀ ਤਾਪਮਾਨ ਪੁੱਜਣ ਦੀ ਸੰਭਾਵਨਾ ਜਤਾਈ ਹੈ | ਡਾਕਟਰਾਂ ਨੇ ਲੋਕਾਂ ਨੂੰ ਅਪੀਲੀ ਕੀਤੀ ਹੈ ਕਿ ਇਸ ਮੌਸਮ ਵਿਚ ਵਿਸ਼ੇਸ਼ ਤੌਰ 'ਤੇ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ | ਲੋਕਾਂ ਨੂੰ ਤੇਜ਼ ਧੁੱਪ, ਗਰਮ ਹਵਾਵਾਂ ਤੇ ਲੂ ਦੇ ਗਰਮ ਥਪੇੜਿਆਂ ਨੇ ਬੇਹਾਲ ਕਰ ਦਿੱਤਾ ਹੈ | ਸੜਕਾਂ ਅਤੇ ਬਜ਼ਾਰਾਂ ਦੇ ਵਿਚ ਬਹੁਤ ਘੱਟ ਲੋਕ ਨਜ਼ਰ ਆ ਰਹੇ ਹਨ ਅਤੇ ਆਵਾਜਾਈ ਵੀ ਬਹੁਤ ਘੱਟ ਹੋ ਰਹੀ ਹੈ | ਲੋਕ ਜੋ ਆਪਣੇ ਘਰਾਂ ਤੋਂ ਬਾਹਰ ਆ ਰਹੇ ਹਨ ਉਹ ਆਪਣਾ ਸਿਰ ਤੇ ਚਿਹਰਾ ਕੱਪੜੇ ਨਾਲ ਢੱਕ ਕੇ ਰੱਖ ਰਹੇ ਹਨ | ਕੁਝ ਲੋਕ ਧੁੱਪ ਤੋਂ ਬਚਣ ਦੇ ਲਈ ਛੱਤਰੀ ਦੀ ਵਰਤੋਂ ਕਰ ਰਹੇ ਹਨ | ਜੋ ਲੋਕ ਆਪਣੇ ਕੰਮ ਧੰਦਿਆਂ 'ਤੇ ਜਾਣ ਲਈ ਦੋ ਪਹੀਆ ਵਾਹਨ ਦੀ ਵਰਤੋਂ ਕਰ ਰਹੇ ਹਨ ਜਾਂ ਫਿਰ ਉਹ ਲੋਕ ਜੋ ਮਜ਼ਦੂਰੀ ਕਰ ਰਹੇ ਹਨ, ਨੂੰ ਬਹੁਤ ਦਿੱਕਤ ਹੋ ਰਹੀ ਹੈ | ਇਨ੍ਹਾਂ ਦਿਨਾਂ ਦੇ ਵਿਚ ਬਿਜਲੀ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ | ਡਾਕਟਰਾਂ ਨੇ ਇਨ੍ਹਾਂ ਦਿਨਾਂ ਵਿਚ ਜ਼ਿਆਦਾ ਪਾਣੀ ਪੀਣ, ਹਲਕੇ ਸੂਤੀ ਕੱਪੜੇ ਪਾਉਣ ਦੀ ਲੋਕਾਂ ਨੂੰ ਸਲਾਹ ਦਿੱਤੀ ਹੈ |