ਨਵੀਂ ਦਿੱਲੀ, 29 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਪੱਛਮੀ ਦਿੱਲੀ ਦੇ ਰਾਜੋਰੀ ਗਾਰਡਨ ਦੇ ਇਲਾਕੇ ਵਿਚ ਇਕ ਤੇਜ਼ ਰਫ਼ਤਾਰ ਕਾਰ ਨੇ ਸੜਕ ਪਾਰ ਕਰ ਰਹੇ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ, ਜਿਸ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਦੀ ਅਜੇ ਤੱਕ ਪਹਿਚਾਣ ਨਹੀਂ ਹੋਈ | ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਮਿ੍ਤਕ ਕੋਲੋਂ ਕੋਈ ਪਹਿਚਾਣ ਪੱਤਰ ਜਾਂ ਹੋਰ ਕੋਈ ਦਸਤਾਵੇਜ਼ ਨਹੀਂ ਮਿਲਿਆ | ਪੁਲਿਸ ਨੇ ਲਾਸ਼ ਨੂੰ ਦੀਨ ਦਿਆਲ ਉਪਾਧਿਆ ਹਸਪਤਾਲ ਦੇ ਪੋਸਟਮਾਰਟਮ ਹਾਊਸ ਵਿਚ ਪਹਿਚਾਣ ਲਈ ਰੱਖਵਾ ਦਿੱਤਾ ਹੈ | ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕਿਸੇ ਦਾ ਫ਼ੋਨ ਆਇਆ ਸੀ ਕਿ ਸੜਕ 'ਤੇ ਇਕ ਵਿਅਕਤੀ ਦੀ ਲਾਸ਼ ਪਈ ਹੈ | ਫ਼ੋਨ ਕਰਨ ਵਾਲੇ ਨੇ ਇਹ ਵੀ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਕੁਝ ਦੂਰ ਇਕ ਗੋਲਡਨ ਬਰਾਊਨ ਰੰਗ ਦੀ ਕਾਰ ਖੜ੍ਹੀ ਹੈ | ਪੁਲਿਸ ਨੇ ਇਸ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ | ਪੁਲਿਸ ਨੂੰ ਜਾਂਚ ਕਰਨ ਤੋਂ ਪਤਾ ਲੱਗਿਆ ਕਿ ਹਾਦਸੇ ਦੇ ਸਮੇਂ ਕਾਰ ਨੂੰ ਇਕ 19 ਸਾਲਾ ਦਾ ਲੜਕਾ ਚਲਾ ਰਿਹਾ ਸੀ ਜੋ ਕਿ ਸ਼ਾਲੀਮਾਰ ਬਾਗ਼ ਦੇ ਇਲਾਕੇ ਦਾ ਰਹਿਣ ਵਾਲਾ ਹੈ | ਪੁਲਿਸ ਇਸ ਲੜਕੇ ਨੂੰ ਫੜਨ ਲਈ ਯਤਨ ਕਰ ਰਹੀ ਹੈ | ਇਸ ਤੋਂ ਇਲਾਵਾ ਇਸ ਮਾਮਲੇ ਪ੍ਰਤੀ ਪੁਲਿਸ ਆਸਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਵੇਖ ਰਹੀ ਹੈ |