ਨਵੀਂ ਦਿੱਲੀ, 29 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੇ ਥਾਣਾ ਪੜਪੜਗੰਜ਼ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂਅ ਜੀਤੂ ਗੁਪਤਾ (30) ਨਿਵਾਸੀ ਗਾਜ਼ੀਆਬਾਦ ਅਤੇ ਬਿਰਲਾ (19) ਨਿਵਾਸੀ ਗਾਜ਼ੀਆਬਾਦ ਹੈ | ਪੁਲਿਸ ਨੇ ਜੀਤੂ ਗੁਪਤਾ ਦੇ ਕੋਲੋਂ 135 ਗ੍ਰਾਮ ਗਾਂਜਾ ਅਤੇ ਬਿਰਲਾ ਦੇ ਕੋਲੋਂ 99 ਗ੍ਰਾਮ ਗਾਂਜਾ ਫੜਿਆ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੜਪੜਗੰਜ਼ ਥਾਣੇ ਦੀ ਪੁਲਿਸ ਨੇ ਪਿਛਲੇ ਦਿਨਾਂ ਤੋਂ ਨਸ਼ੀਲੇ ਪਦਾਰਥਾਂ ਅਤੇ ਤਸਕਰੀ ਦੇ ਵਿਰੁੱਧ ਇਕ ਮੁਹਿੰਮ ਛੇੜੀ ਹੋਈ ਸੀ ਅਤੇ ਪੁਲਿਸ ਇਲਾਕੇ ਵਿਚ ਪੂਰੀ ਤਰ੍ਹਾਂ ਨਾਲ ਗਸ਼ਤ ਵੀ ਕਰ ਰਹੀ ਸੀ | ਪੁਲਿਸ ਅਪਰਾਧਾਂ ਨੂੰ ਰੋਕਣ ਲਈ ਖ਼ੁਫੀਆ ਜਾਣਕਾਰੀ ਵੀ ਇਕੱਠੀ ਕਰ ਰਹੀ ਸੀ ਅਤੇ ਮੁਖ਼ਬਰਾਂ ਨੂੰ ਵੀ ਇਲਾਕੇ ਵਿਚ ਪੁਲਿਸ ਨੇ ਸੁਚੇਤ ਕੀਤਾ ਹੋਇਆ ਸੀ | ਪੁਲਿਸ ਗਸ਼ਤ ਕਰਦੀ ਹੋਈ ਸਬਜ਼ੀ ਮੰਡੀ ਗਾਜ਼ੀਪੁਰ ਰੋਡ 'ਤੇ ਜਦੋਂ ਪੁੱਜੀ ਤਾਂ ਉਸ ਨੇ ਦੋ ਵਿਅਕਤੀਆਂ ਨੂੰ ਸ਼ੱਕੀ ਹਾਲਤ ਵਿਚ ਘੁੰਮਦਿਆਂ ਵੇਖਿਆ | ਉਨ੍ਹਾਂ ਵਿਅਕਤਆਂ ਨੇ ਪੁਲਿਸ ਨੂੰ ਵੇਖ ਕੇ ਗਾਜ਼ੀਪੁਰ ਪਿੰਡ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ | ਪੁਲਿਸ ਨੇ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਕੋਈ ਤਸੱਲੀਬਖ਼ਸ਼ ਉੱਤਰ ਨਾ ਦਿੱਤਾ | ਪੁਲਿਸ ਨੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਦੋਵਾਂ ਕੋਲੋਂ 234 ਗ੍ਰਾਮ ਗਾਂਜਾ ਬਰਾਮਦ ਕਰ ਲਿਆ | ਪੁਲਿਸ ਇਨ੍ਹਾਂ ਤੋਂ ਸਪਲਾਈ ਦੇ ਸਰੋਤ ਦਾ ਪਤਾ ਲਗਾ ਰਹੀ ਹੈ |