ਟੋਹਾਣਾ, 31 ਮਈ (ਮਨਜੀਤ ਸਿੰਘ) - ਵੱਧ ਰਹੀ ਗਰਮੀ ਅਤੇ ਲੂ ਦੇ ਪ੍ਰਕੋਪ ਨੂੰ ਦੇਖਦਿਆਂ ਜਾਖਲ ਬਲਾਕ ਦੇ ਪਿੰਡ ਦੀਵਾਨਾ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਭੂਨਾ-ਕੁਲਾਂ ਹਾਈਵੇ 'ਤੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ | ਇਸ ਦੌਰਾਨ ਸੈਂਕੜਿਆਂ ਰਾਹਗੀਰਾਂ, ਵਾਹਨ ਚਾਲਕਾਂ ਅਤੇ ਆਮ ਲੋਕਾਂ ਨੇ ਛਬੀਲ ਦਾ ਜਲ ਛਕਿਆ ਅਤੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ | ਇਸ ਮੌਕੇ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਨੇ ਕਿਹਾ ਕਿ ਭਿਆਨਕ ਗਰਮੀ ਦੇ ਮੌਸਮ ਵਿੱਚ ਪਿਆਸੇ ਲੋਕਾਂ ਨੂੰ ਠੰਢਾ ਪਾਣੀ ਪਿਲਾਉਣਾ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਹੈ | ਉਨ੍ਹਾਂ ਕਿਹਾ ਕਿ ਸਮਾਜਿਕ ਅਤੇ ਧਾਰਮਿਕ ਸੇਵਾ ਕਾਰਜਾਂ ਨਾਲ ਆਪਸੀ ਭਾਈਚਾਰਾ ਅਤੇ ਸਾਂਝ ਮਜ਼ਬੂਤ ਹੁੰਦੀ ਹੈ | ਪਿੰਡ ਵਾਸੀਆਂ ਨੇ ਵੀ ਸੇਵਾ ਭਾਵਨਾ ਨਾਲ ਛਬੀਲ ਵਿੱਚ ਯੋਗਦਾਨ ਪਾਇਆ ਅਤੇ ਰਾਹਗੀਰਾਂ ਨੂੰ ਠੰਢਾ ਮਿੱਠਾ ਪਾਣੀ ਵਰਤਾਇਆ | ਗ੍ਰਾਮ ਪੰਚਾਇਤ ਦੇ ਮੈਂਬਰ ਬਿੱਟੂ ਰੋਜ਼ ਨੇ ਕਿਹਾ ਕਿ ਪਿੰਡ ਦੀਵਾਨਾ ਦੇ ਲੋਕ ਹਰ ਸਾਲ ਗਰਮੀਆਂ ਦੇ ਦਿਨਾਂ ਵਿੱਚ ਅਜਿਹੇ ਸੇਵਾ ਕਾਰਜ ਕਰਦੇ ਹਨ ਅਤੇ ਅੱਗੇ ਵੀ ਸਮਾਜ ਸੇਵਾ ਲਈ ਇਸੇ ਤਰ੍ਹਾਂ ਯਤਨ ਜਾਰੀ ਰਹਿਣਗੇ | ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਅਤੇ ਗਰਮੀ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਵੀ ਕੀਤੀ | ਇਸ ਮੌਕੇ ਬਿੱਟੂ ਰੋਜ਼ ਸਮੇਤ ਗ੍ਰਾਮ ਪੰਚਾਇਤ ਦੇ ਮੈਂਬਰਾਂ, ਨੌਜਵਾਨਾਂ ਅਤੇ ਹੋਰ ਸੇਵਾਦਾਰਾਂ ਨੇ ਪੂਰੀ ਤਨਦੇਹੀ ਨਾਲ ਸੇਵਾ ਨਿਭਾਈ | ਪਿੰਡ ਵਾਸੀਆਂ ਨੇ ਇਸ ਉਪਰਾਲੇ ਨੂੰ ਮਨੁੱਖਤਾ ਦੀ ਸੇਵਾ ਦਾ ਸ਼ਲਾਘਾਯੋਗ ਕਾਰਜ ਦੱਸਿਆ |