ਸਿਰਸਾ, 31 ਮਈ (ਭੁਪਿੰਦਰ ਪੰਨੀਵਾਲੀਆ)- ਹੜ੍ਹਾਂ, ਸੇਮ ਅਤੇ ਹਿਸਾਰ ਘੱਗਰ ਬਹੁ-ਮੰਤਵੀ ਡਰੇਨ ਦੀਆਂ ਸਮੱਸਿਆਵਾਂ ਦੇ ਪੱਕ ਹੱਲ ਦੀ ਮੰਗ ਨੂੰ ਲੈ ਕੇ ਕਿਸਾਨ ਸਭਾ ਵੱਲੋਂ ਪਿੰਡਾਂ 'ਚ ਜਨਸੰਪਰਕ ਮੁਹਿੰਮ ਸ਼ੁਰੂ ਕੀਤੀ ਹੈ | ਸਮੱਸਿਆਵਾਂ ਦੇ ਹੱਲ ਲਈ ਆਗਾਮੀ 3 ਜੂਨ ਨੂੰ ਓਟੂ ਹੈੱਡ 'ਤੇ ਕਿਸਾਨ-ਮਜ਼ਦੂਰ ਪੰਚਾਇਤ ਕੀਤੀ ਜਾਵੇਗੀ | ਕਿਸਾਨ ਸਭਾ ਦੇ ਆਗੂ ਰਾਜਿੰਦਰ ਅÏਲਖ ਨੇ ਕਿਹਾ ਕਿ ਪਿਛਲੇ ਸਾਲ ਸਿਰਸਾ ਸਮੇਤ ਕਈ ਜ਼ਿਲਿ੍ਹਆਂ ਵਿੱਚ ਸਾਉਣੀ ਦੀਆਂ ਫਸਲਾਂ ਨੂੰ ਕੁਦਰਤੀ ਆਫ਼ਤਾਂ ਕਾਰਨ ਨਹੀਂ, ਸਗੋਂ ਭਾਜਪਾ ਸਰਕਾਰ ਦੀ ਲਾਪਰਵਾਹੀ ਅਤੇ ਪ੍ਰਸ਼ਾਸਨਿਕ ਅਸਫਲਤਾ ਕਾਰਨ ਕਾਫ਼ੀ ਨੁਕਸਾਨ ਹੋਇਆ ਸੀ | ਉਨ੍ਹਾਂ ਨੇ ਦੱਸਿਆ ਕਿ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਬਣਾਇਆ ਗਿਆ ਹਿਸਾਰ ਘੱਗਰ ਬਹੁ-ਮੰਤਵੀ ਡਰੇਨ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਦੀ ਬਜਾਏ ਨੁਕਸਾਨ ਪਹੁੰਚਾ ਰਿਹਾ ਹੈ | ਇਸਦੇ ਕਮਜ਼ੋਰ ਬੰਨ੍ਹ, ਸਮੇਂ ਸਿਰ ਸਫਾਈ ਦੀ ਘਾਟ ਅਤੇ ਸਭ ਤੋਂ ਮਹੱਤਵਪੂਰਨ, ਓਟੂ ਹੈੱਡ 'ਤੇ ਡਰੇਨ ਦੇ ਪਾਣੀ ਨੂੰ ਘੱਗਰ ਵਿੱਚ ਮੋੜਨ ਲਈ ਪੰਪ ਸੈੱਟ ਦੀ ਅਣਹੋਂਦ ਕਾਰਨ ਇਹ ਡਰੇਨ ਹਰ ਵਾਰ ਕਿਸਾਨਾਂ ਲਈ ਇੱਕ ਆਫ਼ਤ ਬਣ ਜਾਂਦਾ ਹੈ | ਸੇਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਲਗਾਏ ਗਏ ਸੋਲਰ ਟਿਊਬਵੈੱਲ ਫੇਲ੍ਹ ਹੋ ਗਏ ਹਨ | ਓਟੂ ਹੈੱਡ ਲਈ ਤਿਆਰ ਕੀਤਾ ਗਿਆ ਗੇਟ ਢਾਂਚਾ ਅਜੇ ਵੀ ਅਣਗੌਲਿਆ ਪਿਆ ਹੈ | ਹਜ਼ਾਰਾਂ ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ ਪਰ ਡਰੇਨ 'ਤੇ ਕਥਿਤ ਇੱਕ ਵੀ ਪੈਸਾ ਖਰਚ ਨਹੀਂ ਕੀਤਾ ਗਿਆ ਹੈ | ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ 3 ਜੂਨ ਨੂੰ ਓਟੂ ਹੈੱਡ 'ਤੇ ਇੱਕ ਵਿਸ਼ਾਲ ਪੰਚਾਇਤ ਕੀਤੀ ਜਾਵੇਗੀ | ਪੰਚਾਇਤ ਦੀ ਤਿਆਰੀ ਲਈ ਪਿੰਡਾਂ 'ਚ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਇਸ ਮੌਕੇ ਕਿਸਾਨ ਸਭਾ ਦੇ ਆਗੂ ਹਮਜਿੰਦਰ ਸਿੱਧੂ, ਅਭਿਮਨਿਊ ਸਹਾਰਨ, ਸੂਬਾ ਜਨਰਲ ਸਕੱਤਰ ਸੁਮਿਤ ਦਲਾਲ, ਮੰਗੇਰਾਮ ਕਾਸਨੀਆਂ, ਨਿਕਾਸ ਬੈਨੀਵਾਲ, ਅਭੈ ਸਿੰਘ ਸਹਾਰਨ ਆਦਿ ਹਾਜ਼ਰ ਸਨ |