ਨਵੀਂ ਦਿੱਲੀ, 2 ਜੂਨ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਸਾਕੇਤ ਇਲਾਕੇ ਦੀ ਸੈਦਾਲੂਜਾਬ ਬਹੁ-ਮੰਜ਼ਿਲਾ ਇਮਾਰਤ ਹਾਦਸੇ ਵਿਚ ਕਈ ਲੋਕਾਂ ਦੀ ਮੌਤ ਤੋਂ ਬਾਅਦ ਇਕ ਵਾਰ ਫਿਰ ਦਿੱਲੀ ਨਗਰ ਨਿਗਮ ਤੋਂ ਜਵਾਬਦੇਹੀ ਦੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਹਨ | ਇਸ ਹਾਦਸੇ ਪ੍ਰਤੀ ਅਧਿਕਾਰੀਆਂ ਨੂੰ ਸਸਪੈਂਡ ਕਰ ਕੇ ਜਾਂਚ ਦੇ ਆਦੇਸ਼ ਤਾਂ ਦੇ ਦਿੱਤੇ ਹਨ ਪ੍ਰੰਤੂ ਜ਼ਿੰਮੇਵਾਰੀ ਪ੍ਰਤੀ ਖ਼ਾਮੋਸ਼ੀ ਛਾਈ ਹੋਈ ਹੈ | ਅਜਿਹੇ ਮਾਮਲੇ ਪ੍ਰਤੀ ਮਾਨਵ ਅਧਿਕਾਰ ਕਮਿਸ਼ਨ ਨੇ ਪਹਿਲਾਂ ਵੀ ਸਵਾਲ ਉਠਾਏ ਸਨ ਪ੍ਰੰਤੂ ਮਾਮਲੇ ਦਬ ਕੇ ਹੀ ਰਹਿ ਗਏ | ਇਸ ਹਾਦਸੇ ਤੋਂ ਬਾਅਦ ਐਨ.ਡੀ.ਆਰ.ਐਫ., ਅੱਗ ਬੁਝਾਓ ਵਿਭਾਗ, ਦਿੱਲੀ ਪੁਲਿਸ, ਨਗਰ ਨਿਗਮ ਅਤੇ ਹੋਰ ਏਜੰਸੀਆਂ ਕੰਮ ਕਰ ਰਹੀਆਂ ਹਨ | ਕਰੇਨਾ ਦੇ ਨਾਲ ਮਲਵਾ ਹਟਾਇਆ ਜਾ ਰਿਹਾ ਹੈ | ਸਭ ਤੋਂ ਪਹਿਲਾਂ ਕੰਟੀਨ ਵਾਲੇ ਪਾਸੇ ਦਾ ਮਲਵਾ ਹਟਾਇਆ ਗਿਆ ਹੈ ਕਿਉਂਕਿ ਸ਼ੱਕ ਕੀਤਾ ਗਿਆ ਸੀ ਕਿ ਇਸ ਮਲਵੇ ਹੇਠ ਲੋਕ ਦੱਬੇ ਹੋਏ ਹੋ ਸਕਦੇ ਹਨ | ਇਕ ਹੋਰ ਵੀ ਇਸ ਮਾਮਲੇ ਪ੍ਰਤੀ ਪ੍ਰੇਸ਼ਾਨੀ ਆ ਰਹੀ ਹੈ ਕਿ ਇਸ ਇਮਾਰਤ ਦੇ ਨਾਲ ਵਾਲੀ ਕੋਚਿੰਗ ਸੰਸਥਾਨ ਦੀ ਇਮਾਰਤ ਵੀ ਥੋੜ੍ਹੀ ਝੁਕ ਗਈ ਹੈ ਤੇ ਇਸ ਦੇ ਡਿੱਗਣ ਦਾ ਸ਼ੱਕ ਵੀ ਕੀਤਾ ਜਾ ਰਿਹਾ ਹੈ | ਮਲਵੇ ਵਾਲੀ ਥਾਂ ਵੀ ਤੰਗ ਹੈ, ਜਿਸ ਕਰਕੇ ਮਲਵਾ ਉਠਾਉਣ ਵਿਚ ਪ੍ਰੇਸ਼ਾਨੀ ਆ ਰਹੀ ਹੈ | ਇਸ ਸਮੇਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਮਲਵੇ ਹੇਠ ਕੋਈ ਵਿਅਕਤੀ ਦਬਿਆ ਹੋ ਸਕਦਾ ਹੈ, ਕਿਉਂਕਿ ਕੁਝ ਲੋਕ ਅਜੇ ਵੀ ਲਾਪਤਾ ਹਨ | ਇਸ ਮਾਮਲੇ ਪ੍ਰਤੀ ਲੋਕਾਂ ਦਾ ਕਹਿਣਾ ਹੈ ਕਿ ਡਿਗਣ ਵਾਲੀ ਇਮਾਰਤ 'ਤੇ ਹੋਰ ਮੰਜ਼ਿਲਾਂ ਬਣਾਈਆਂ ਜਾ ਰਹੀਆਂ ਸਨ, ਜਿਸ ਕਰ ਕੇ ਇਸ ਦੇ ਕਮਜ਼ੋਰ ਹੋਣ ਦਾ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ | ਉਮੀਦ ਕੀਤੀ ਜਾ ਰਹੀ ਹੈ ਕਿ ਡਿੱਗੀ ਇਮਾਰਤ ਦਾ ਮਲਵਾ ਅੱਜ (2 ਜੂਨ) ਪੂਰੀ ਤਰ੍ਹਾਂ ਹਟਾ ਲਿਆ ਜਾਵੇਗਾ |