ਟੋਹਾਣਾ, 2 ਜੂਨ (ਮਨਜੀਤ ਸਿੰਘ) - ਟੋਹਾਣਾ ਨਗਰ ਪਰਿਸ਼ਦ ਦੇ ਸਾਬਕਾ ਉਪ ਪ੍ਰਧਾਨ ਅਤੇ ਪਾਰਸ਼ਦ ਰਾਮ ਕੁਮਾਰ ਸੈਣੀ ਨੇ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੀ ਮਾੜੀ ਹਾਲਤ ਅਤੇ ਅਧਿਕਾਰੀਆਂ ਦੀ ਘਾਟ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਨਗਰ ਪਰਿਸ਼ਦ ਇਸ ਵੇਲੇ ਰਾਮ ਭਰੋਸੇ ਚੱਲ ਰਹੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਅਧਿਕਾਰੀਆਂ ਦੇ ਖ਼ਾਲੀ ਪਏ ਅਹੁਦਿਆਂ ਕਾਰਨ ਸ਼ਹਿਰ ਦੇ ਕਈ ਮਹੱਤਵਪੂਰਨ ਵਿਕਾਸ ਕਾਰਜ ਅੱਧ ਵਿਚਾਲੇ ਲਟਕੇ ਹੋਏ ਹਨ | ਰਾਮ ਕੁਮਾਰ ਸੈਣੀ ਨੇ ਕਿਹਾ ਕਿ ਸ਼ਹੀਦ ਚੌਕ ਅਤੇ ਮਦਨ ਲਾਲ ਢੀਂਗਰਾ ਪਾਰਕ ਦਾ ਲੰਬੇ ਸਮੇਂ ਤੋਂ ਬੁਰਾ ਹਾਲ ਹੈ | ਉਨ੍ਹਾਂ ਕਿਹਾ ਕਿ ਸਰਕਾਰ ਸ਼ਹੀਦਾਂ ਦੇ ਨਾਮ 'ਤੇ ਵੋਟਾਂ ਤਾਂ ਮੰਗਦੀ ਹੈ ਪਰ ਉਨ੍ਹਾਂ ਦੀ ਯਾਦ ਵਿੱਚ ਬਣੇ ਸਮਾਰਕਾਂ ਅਤੇ ਸਥਾਨਾਂ ਦੀ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਸ਼ਹੀਦ ਚੌਕ ਦੀ ਗਿ੍ੱਲ ਅਤੇ ਪੱਥਰ ਕਾਫ਼ੀ ਸਮੇਂ ਤੋਂ ਟੁੱਟੇ ਹੋਏ ਹਨ, ਪਰ ਅਜੇ ਤੱਕ ਇਸ ਸਬੰਧੀ ਕੋਈ ਟੈਂਡਰ ਜਾਰੀ ਨਹੀਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮਦਨ ਲਾਲ ਢੀਂਗਰਾ ਪਾਰਕ ਦੀ ਸਫ਼ਾਈ ਅਤੇ ਰੱਖ-ਰਖਾਅ ਦਾ ਟੈਂਡਰ ਸਮਾਪਤ ਹੋ ਚੁੱਕਾ ਹੈ, ਜਿਸ ਕਾਰਨ ਪਾਰਕ ਦੀ ਹਾਲਤ ਬੇਹੱਦ ਖ਼ਰਾਬ ਹੋ ਗਈ ਸੀ | ਇਸ ਸਥਿਤੀ ਨੂੰ ਦੇਖਦੇ ਹੋਏ ਸੀਨੀਅਰ ਸਿਟੀਜ਼ਨ ਅਤੇ ਸਥਾਨਕ ਲੋਕਾਂ ਨੇ ਖ਼ੁਦ ਮੋਰਚਾ ਸੰਭਾਲਿਆ ਹੋਇਆ ਹੈ ਅਤੇ ਆਪਣੇ ਖ਼ਰਚੇ 'ਤੇ ਘਾਹ ਦੀ ਕਟਾਈ, ਸਫ਼ਾਈ, ਪੌਦਿਆਂ ਦੀ ਦੇਖਭਾਲ ਅਤੇ ਪਾਣੀ ਦਾ ਪ੍ਰਬੰਧ ਕਰ ਰਹੇ ਹਨ | ਸੈਣੀ ਨੇ ਕਿਹਾ ਕਿ ਹਿਸਾਰ ਰੋਡ ਸਥਿਤ ਕੈਂਚੀ ਚੌਕ ਦੀ ਟੁੱਟੀ ਹੋਈ ਗਿ੍ੱਲ ਵੀ ਕਈ ਦਿਨਾਂ ਤੋਂ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ ਪਰ ਇਸ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਵਿਕਾਸ ਕਾਰਜ ਰੁਕੇ ਪਏ ਹਨ ਅਤੇ ਹਰ ਵਾਰ ਇਹ ਕਹਿ ਕੇ ਗੱਲ ਟਾਲ ਦਿੱਤੀ ਜਾਂਦੀ ਹੈ ਕਿ ਐਕਸੀਅਨ ਦਾ ਅਹੁਦਾ ਖ਼ਾਲੀ ਹੈ | ਉਨ੍ਹਾਂ ਦੇ ਅਨੁਸਾਰ ਐਕਸੀਅਨ ਨਾ ਹੋਣ ਕਾਰਨ ਨਵੇਂ ਟੈਂਡਰ ਵੀ ਜਾਰੀ ਨਹੀਂ ਹੋ ਸਕਦੇ | ਉਨ੍ਹਾਂ ਨਗਰ ਪਰਿਸ਼ਦ ਦੇ ਕੁੱਝ ਆਗੂਆਂ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਤਸਵੀਰਾਂ ਖਿਚਵਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਤੱਕ ਹੀ ਸੀਮਿਤ ਹਨ, ਜਦਕਿ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਕੋਈ ਗੰਭੀਰ ਯਤਨ ਨਹੀਂ ਕਰ ਰਹੇ | ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਵਧਦੀਆਂ ਸਮੱਸਿਆਵਾਂ ਕਾਰਨ ਲੋਕ ਪਰੇਸ਼ਾਨ ਹਨ ਅਤੇ ਇਸ ਨਾਲ ਸਰਕਾਰ ਦੀ ਛਵੀ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ | ਰਾਮ ਕੁਮਾਰ ਸੈਣੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਟੋਹਾਣਾ ਸ਼ਹਿਰ ਦੀ ਜਿੰਨੀ ਦੁਰਦਸ਼ਾ ਹੋਈ ਹੈ, ਸ਼ਾਇਦ ਪਹਿਲਾਂ ਕਦੇ ਨਹੀਂ ਹੋਈ | ਉਨ੍ਹਾਂ ਦੋਸ਼ ਲਗਾਇਆ ਕਿ ਜ਼ਿੰਮੇਵਾਰ ਲੋਕ ਆਪਣੇ ਨਿੱਜੀ ਹਿਤਾਂ ਵਿੱਚ ਰੁੱਝੇ ਹੋਏ ਹਨ ਅਤੇ ਸ਼ਹਿਰ ਦੇ ਪਾਰਕਾਂ, ਗਲੀਆਂ ਅਤੇ ਹੋਰ ਜਨਤਕ ਕੰਮਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ | ਅੰਤ ਵਿੱਚ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਸਥਾਨਕ ਸਰਕਾਰ ਮੰਤਰੀ ਨੂੰ ਅਪੀਲ ਕੀਤੀ ਕਿ ਟੋਹਾਣਾ ਸ਼ਹਿਰ ਦੀਆਂ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਨਗਰ ਪਰਿਸ਼ਦ ਵਿੱਚ ਖ਼ਾਲੀ ਪਏ ਅਧਿਕਾਰੀਆਂ ਦੇ ਅਹੁਦੇ ਤੁਰੰਤ ਭਰੇ ਜਾਣ ਅਤੇ ਜਿਨ੍ਹਾਂ ਫ਼ਰਮਾਂ ਨੇ ਟੈਂਡਰ ਮਿਲਣ ਦੇ ਬਾਵਜੂਦ ਲੰਬੇ ਸਮੇਂ ਤੋਂ ਕੰਮ ਪੂਰੇ ਨਹੀਂ ਕੀਤੇ, ਉਨ੍ਹਾਂ ਨੂੰ ਬਲੈਕ ਲਿਸਟ ਕੀਤਾ ਜਾਵੇ |