ਨਾਬਾਲਗ ਧੀ ਨਾਲ ਛੇੜਛਾੜ ਦੀ ਸ਼ਿਕਾਇਤ ਨਿਕਲੀ ਝੂਠੀ-ਸ਼ਿਕਾਇਤਕਰਤਾ ਮਾਂ ਖ਼ਿਲਾਫ਼ ਕੇਸ ਦਰਜ
ਅਜੀਤ ਡੈਸਕ
10-06-2026
ਡੱਬਵਾਲੀ, 9 ਜੂਨ (ਸ਼ਾਂਤ)-ਮਹਿਲਾ ਥਾਣਾ ਡੱਬਵਾਲੀ ਨੇ ਆਪਣੀ ਨਾਬਾਲਗ ਧੀ ਨੂੰ ਮੋਹਰਾ ਬਣਾ ਕੇ ਲਿਵ-ਇਨ ਪਾਰਟਨਰ 'ਤੇ ਛੇੜਛਾੜ ਅਤੇ ਜਬਰ-ਜਨਾਹ ਦੇ ਝੂਠੇ ਦੋਸ਼ ਲਗਾਉਣ ਵਾਲੀ ਇੱਕ ਮਹਿਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਮੁਲਜ਼ਮ ਨੇ ਦਸੰਬਰ 2025 ਤੋਂ ਜਨਵਰੀ 2026 ਦਰਮਿਆਨ ਉਸ ਦੀ ਧੀ ਨਾਲ ਛੇੜਛਾੜ ਕੀਤੀ ਸੀ, ਜਿਸ ਤੋਂ ਬਾਅਦ 13 ਅਪ੍ਰੈਲ 2026 ਨੂੰ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ | ਮਾਮਲਾ ਬੱਚੀ ਨਾਲ ਸਬੰਧਤ ਹੋਣ ਕਾਰਨ ਥਾਣਾ ਮੁਖੀ ਸੁਸ਼ੀਲਾ ਦੇਵੀ ਦੀ ਅਗਵਾਈ ਹੇਠ ਪੁਲਿਸ ਨੇ ਸਬੂਤਾਂ ਅਤੇ ਬਿਆਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ | ਜਾਂਚ ਵਿਚ ਸਾਹਮਣੇ ਆਇਆ ਕਿ ਮਹਿਲਾ ਅਤੇ ਦੋਸ਼ੀ ਕਾਫ਼ੀ ਸਮੇਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੇ ਸਨ, ਪਰ ਬਾਅਦ ਵਿਚ ਦੋਵਾਂ ਵਿਚਾਲੇ ਪੈਸਿਆਂ ਨੂੰ ਲੈ ਕੇ ਵਿਵਾਦ ਹੋ ਗਿਆ | ਪੁਲਿਸ ਮੁਤਾਬਕ ਇਸੇ ਰੰਜਿਸ਼ ਕਰਕੇ ਮਹਿਲਾ ਨੇ ਆਪਣੀ ਧੀ ਤੋਂ ਝੂਠੇ ਦੋਸ਼ ਲਗਵਾਏ ਸਨ | ਮਹਿਲਾ ਥਾਣਾ ਦੇ ਮੁਖੀ ਅਨੁਸਾਰ ਤਫ਼ਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਕਤ ਮਹਿਲਾ ਪਹਿਲਾਂ ਵੀ ਕਰੀਬ ਚਾਰ-ਪੰਜ ਵਿਅਕਤੀਆਂ 'ਤੇ ਦੋਸ਼ ਲਗਾ ਚੁੱਕੀ ਹੈ ਅਤੇ ਬਾਅਦ ਵਿੱਚ ਅਦਾਲਤ ਵਿਚ ਰਾਜ਼ੀਨਾਮੇ ਕਰ ਚੁੱਕੀ ਹੈ | ਪੁਲਿਸ ਨੇ ਕਾਨੂੰਨ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਮਹਿਲਾ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 217 ਤਹਿਤ ਮਾਮਲਾ ਦਰਜ ਕਰ ਲਿਆ ਹੈ |