ਟੋਹਾਣਾ, 13 ਜੂਨ (ਮਨਜੀਤ ਸਿੰਘ) - ਪਿਛਲੇ ਦਿਨ ਸ਼ਾਮ ਨੂੰ ਆਏ ਤੇਜ਼ ਤੂਫ਼ਾਨ ਅਤੇ ਮੀਂਹ ਨੇ ਟੋਹਾਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਤਬਾਹੀ ਮਚਾਈ | ਇਸ ਕੁਦਰਤੀ ਆਫ਼ਤ ਕਾਰਨ ਬਲਿਆਲਾ ਰੋਡ ਸਥਿਤ ਸਤਿਗੁਰ ਰਾਈਸ ਮਿੱਲ ਨੂੰ ਵੀ ਵੱਡਾ ਨੁਕਸਾਨ ਝੱਲਣਾ ਪਿਆ | ਤੇਜ਼ ਹਵਾਵਾਂ ਕਾਰਨ ਮਿੱਲ ਦੀਆਂ ਛੱਤਾਂ, ਸ਼ੈੱਡ ਅਤੇ ਹੋਰ ਢਾਂਚਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ, ਜਿਸ ਨਾਲ ਮਿੱਲ ਦਾ ਕੰਮਕਾਜ ਪ੍ਰਭਾਵਿਤ ਹੋ ਗਿਆ | ਸਤਿਗੁਰ ਰਾਈਸ ਮਿੱਲ ਦੇ ਮਾਲਕ ਅਤੇ ਟੋਹਾਣਾ ਦੇ ਨਾਮਵਰ ਵਿਅਕਤੀ ਮੋਂਟੂ ਅਰੋੜਾ ਨੇ ਦੱਸਿਆ ਕਿ ਅਚਾਨਕ ਆਏ ਤੂਫ਼ਾਨ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਕੁੱਝ ਹੀ ਮਿੰਟਾਂ ਵਿੱਚ ਮਿੱਲ ਦੇ ਕਈ ਹਿੱਸਿਆਂ ਦੀਆਂ ਮਜ਼ਬੂਤ ਚਾਦਰਾਂ ਉੱਖੜ ਗਈਆਂ ਅਤੇ ਸ਼ੈੱਡ ਢਹਿ ਕੇ ਹੇਠਾਂ ਡਿੱਗ ਗਏ | ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਮਿੱਲ ਦਾ ਕੰਮ ਵੀ ਕਾਫ਼ੀ ਪ੍ਰਭਾਵਿਤ ਹੋਇਆ ਹੈ | ਉੱਘੇ ਸਮਾਜ ਸੇਵੀ ਮੋਂਟੂ ਅਰੋੜਾ ਨੇ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦੀ ਮਿੱਲ ਦਾ ਹੀ ਨਹੀਂ, ਸਗੋਂ ਟੋਹਾਣਾ ਇਲਾਕੇ ਦੀਆਂ ਕਈ ਰਾਈਸ ਮਿੱਲਾਂ, ਫ਼ੈਕਟਰੀਆਂ ਅਤੇ ਉਦਯੋਗਿਕ ਇਕਾਈਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਨੇ ਹਰਿਆਣਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨੁਕਸਾਨ ਦਾ ਤੁਰੰਤ ਸਰਵੇਖਣ ਕਰਵਾਇਆ ਜਾਵੇ ਅਤੇ ਪ੍ਰਭਾਵਿਤ ਉਦਯੋਗਪਤੀਆਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਮੁੜ ਆਪਣੇ ਕਾਰੋਬਾਰ ਨੂੰ ਪਟੜੀ 'ਤੇ ਲਿਆ ਸਕਣ | ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀਆਂ, ਪਰ ਅਜਿਹੇ ਸਮੇਂ ਸਰਕਾਰ ਨੂੰ ਅੱਗੇ ਆ ਕੇ ਪ੍ਰਭਾਵਿਤ ਲੋਕਾਂ ਅਤੇ ਉਦਯੋਗਾਂ ਦੀ ਮਦਦ ਕਰਨੀ ਚਾਹੀਦੀ ਹੈ | ਉਨ੍ਹਾਂ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਸਰਕਾਰੀ ਸਹਾਇਤਾ ਨਾ ਮਿਲੀ ਤਾਂ ਕਈ ਉਦਯੋਗਿਕ ਇਕਾਈਆਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਲਾਕਾ ਵਾਸੀਆਂ ਅਨੁਸਾਰ ਪਿਛਲੇ ਦਿਨ ਆਏ ਤੇਜ਼ ਤੂਫ਼ਾਨ ਅਤੇ ਮੀਂਹ ਨੇ ਕਈ ਥਾਵਾਂ 'ਤੇ ਦਰੱਖਤ, ਬਿਜਲੀ ਦੇ ਖੰਭੇ, ਸਵਾਗਤੀ ਗੇਟ, ਕੰਧਾਂ ਅਤੇ ਉਦਯੋਗਿਕ ਢਾਂਚਿਆਂ ਨੂੰ ਬਹੁਤ ਨੁਕਸਾਨ ਪਹੁੰਚਾਇਆ, ਜਿਸ ਕਾਰਨ ਆਮ ਜਨ-ਜੀਵਨ ਵੀ ਪ੍ਰਭਾਵਿਤ ਰਿਹਾ |