ਨਵੀਂ ਦਿੱਲੀ,26 ਜੂਨ (ਜਗਤਾਰ ਸਿੰਘ)-ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ (ਮਰਹੂਮ) ਵੱਲੋਂ 1975 ਵਿਚ ਦੇਸ਼ ਵਿਚ ਲਗਾਈ ਗਈ ‘ਐਮਰਜੈਂਸੀ’ ਦੇ 51 ਸਾਲ ਪੂਰੇ ਹੋਣ ਮੌਕੇ ਦਿੱਲੀ ਭਾਜਪਾ ਵੱਲੋਂ ਐਨ.ਡੀ.ਐਮ.ਸੀ. ਕਨਵੈਂਸ਼ਨ ਸੈਂਟਰ ਵਿਖੇ ‘ਸੰਵਿਧਾਨ ਹੱਤਿਆ ਦਿਵਸ’ ਪ੍ਰੋਗਰਾਮ ਕਰਾਇਆ ਗਿਆ । ਇਸ ਪ੍ਰੋਗਰਾਮ ਵਿਚ ਸ਼ਾਮਲ ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਾਂਗਰਸ ਦੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਅੱਜ ਦੇ ਨੌਜਵਾਨਾਂ ਨੂੰ ਸੰਵਿਧਾਨ ਅਤੇ ਲੋਕਤੰਤਰ ਦਾ ਦੂਜਾ ਸਵਰੂਪ ਵਿਖਾਉਣੀ ਚਾਹੁੰਦੀ ਹੈ,ਜਿਸ ਵਿਚ ਉਨ੍ਹਾਂ ਦੇ ਹੱਥਾਂ ਵਿਚ ਸੰਵਿਧਾਨ ਦੀ ਇੱਕ ਕਿਤਾਬ ਹੈ ਅਤੇ ਇਹ ਦਿਖਾਉਣਾ ਚਾਹੁੰਦੀ ਹੈ ਕਿ ਲੋਕਤੰਤਰ ਦੇ ਸਭ ਤੋਂ ਰੱਖਿਅਕ ਕਾਂਗਰਸ ਹੀ ਹੈ । ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕੀ ਕਾਂਗਰਸ ਭੁੱਲ ਗਈ ਹੈ ਕਿ ,ਉਸ ਨੇ 25 ਜੂਨ 1975 ਨੂੰ ਦੇਸ਼ ਵਿਚ ਐਮਰਜੈਂਸੀ ਲਗਾ ਕੇ ਲੋਕਤੰਤਰ ਦਾ ਗਲਾ ਘੁੱਟ ਦਿੱਤਾ ਸੀ । ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਸ ਤਾਨਾਸ਼ਾਹੀ ਤੋਂ ਨੌਜਵਾਨ ਪੀੜੀ ਅਨਜਾਣ ਨਹੀਂ ਹੈ । ਉਨ੍ਹਾਂ ਕਿਹਾ ਕਿ ਐਮਰਜੈਂਸੀ ਦੌਰਾਨ ਜੁਲਮ ਝੇਲਣ ਵਾਲੇ ਹਜ਼ਾਰਾਂ ਲੋਕ ਉਨ੍ਹਾਂ ਦਿਨਾਂ ਨੂੰ ਨਹੀਂ ਭੁੱਲ ਸਕਦੇ ਇਸ ਲਈ ਕਾਂਗਰਸ ਅੱਜ ਲੋਕਤੰਤਰ ਦਾ ਦੂਜਾ ਰੂਪ ਵਿਖਾਉਣ ਦੀ ਕੋਸ਼ਿਸ਼ ਨਾ ਕਰੇ । ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜੋ ਸੰਵਿਧਾਨ ਦੀ ਕਿਤਾਬ ਲੈ ਕੇ ਘੁੰਮਦੇ ਹਨ,ਉਹ ਸਭ ਦਿਖਾਵਾ ਹੈ । ਉਨ੍ਹਾਂ ਕਿਹਾ ਕਿ ਦੇਸ਼ ਦਾ ਨੌਜਵਾਨ ਐਮਰਜੈਂਸੀ ਦੇ ਕਾਲੇ ਚੈਪਟਰ ਤੋਂ ਚੰਗੀ ਤਰ੍ਹਾਂ ਜਾਣੂ ਹੈ । ਇਸ ਲਈ ਲੋਕਤੰਤਰ ਅਤੇ ਸੰਵਿਧਾਨ ਦੀ ਦੁਹਾਈ ਦੇਣ ਤੋਂ ਪਹਿਲਾਂ ਕਾਂਗਰਸ ਨੂੰ ਆਪਣੀ ਪੀੜੀ ਹੇਠ ਸੋਟਾ ਫੇਰ ਕੇ ਵੇਖ ਲੈਣਾ ਚਾਹੀਦਾ ਹੈ । ਇਸ ਪ੍ਰੋਗਰਾਮ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਸੰਬੋਧਤ ਕੀਤਾ । ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਹਰਸ਼ ਮਲਹੋਤਰਾ ਨੇ ਪ੍ਰੋਗਰਾਮ ਵਿਚ ਸ਼ਾਮਲ ਲੋਕਤੰਤਰ ਸੈਨਾਨੀਆ ਨੂੰ ਸਨਮਾਨਤ ਵੀ ਕੀਤਾ।