ਰਤੀਆ, 16 ਜੁਲਾਈ (ਬੇਅੰਤ ਕੌਰ ਮੰਡੇਰ)- ਸਰਵ ਸਮਾਜ ਸਭਾ ਰਤੀਆ ਦੀ ਮੀਟਿੰਗ ਪ੍ਰਧਾਨ ਸਤਪਾਲ ਜਿੰਦਲ ਦੀ ਪ੍ਰਧਾਨਗੀ ਹੇਠ ਸਥਾਨਕ ਬਾਬਾ ਨਾਮਦੇਵ ਧਰਮਸ਼ਾਲਾ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਰਤੀਆ ਦੇ ਸਮਾਜ ਸੇਵਕ ਅਮਰ ਗੋਇਲ ਅਤੇ ਹਰਿਆਣਾ ਦੇ ਉਦਯੋਗਪਤੀ ਗੋਇਨਕਾ ਨੂੰ ਸ਼ਰਧਾਂਜਲੀ ਦੇਣ ਲਈ 2 ਮਿੰਟ ਦਾ ਮੌਨ ਧਾਰਨ ਨਾਲ ਹੋਈ। ਮੀਟਿੰਗ ’ਚ ਮੌਜੂਦ ਮੈਂਬਰਾਂ ਨੇ ਸਰਬਸੰਮਤੀ ਨਾਲ ਮੰਗ ਕੀਤੀ ਕਿ ਸ਼ਹਿਰ ਦੇ ਕੇਂਦਰ ’ਚ ਸਥਿਤ ਵੇਅਰ ਹਾਊਸ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕੀਤਾ ਜਾਵੇ। ਮੈਂਬਰਾਂ ਨੇ ਕਿਹਾ ਕਿ ਮੌਜੂਦਾ ਵੇਅਰਹਾਊਸ ਦੀ ਜ਼ਮੀਨ ’ਤੇ ਲਗਭਗ 4 ਏਕੜ ’ਚ ਫੈਲਿਆ ਆਧੁਨਿਕ ਵਪਾਰਕ ਕੰਪਲੈਕਸ ਵਿਕਸਿਤ ਕੀਤਾ ਜਾ ਸਕਦਾ ਹੈ, ਜਿੱਥੇ ਵੱਖ-ਵੱਖ ਬੈਂਕਾਂ ਅਤੇ ਹੋਰ ਸਰਕਾਰੀ ਤੇ ਨਿੱਜੀ ਸੰਸਥਾਵਾਂ ਦੀ ਸਥਾਪਨਾ ਸ਼ਹਿਰ ਦੇ ਵਿਕਾਸ ਨੂੰ ਨਵੀਂ ਗਤੀ ਦੇਣਗੀਆਂ। ਇਸ ਮੰਗ ਨੂੰ ਉਠਾਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਦੌਰਾਨ ਬਰਸਾਤ ਦੇ ਮੌਸਮ ਨੂੰ ਦੇਖਦਿਆਂ ਸ਼ਹਿਰ ਦੇ ਸੀਵਰੇਜ ਸਿਸਟਮ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਮੁੱਦਾ ਉਠਾਇਆ ਗਿਆ। ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਸੀਵਰੇਜ ਪ੍ਰਣਾਲੀ ਦੀ ਵਿਆਪਕ ਸਫਾਈ ਤੁਰੰਤ ਕੀਤੀ ਜਾਵੇ, ਤਾਂ ਜੋ ਪਾਣੀ ਜਮਾਂ ਹੋਣ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਨਵੀਆਂ ਕਾਲੋਨੀਆਂ ਅਤੇ ਇਮਾਰਤਾਂ ਦੀ ਉਸਾਰੀ ਦੌਰਾਨ ਗਲੀਆਂ ’ਚ ਘਰਾਂ ਦਾ ਪੱਧਰ ਇਕਸਾਰ ਰੱਖਣ ਦੀ ਮੰਗ ਵੀ ਕੀਤੀ ਗਈ। ਮੈਂਬਰਾਂ ਨੇ ਕਿਹਾ ਕਿ ਇਮਾਰਤ ਨਿਰਮਾਣ ਦੀ ਇਜਾਜ਼ਤ ਦੇਣ ਮੌਕੇ ਨਗਰ ਕੌਂਸਲ ਇਹ ਯਕੀਨੀ ਬਣਾਏ ਕਿ ਕਿਸੇ ਵੀ ਗਲੀ ’ਚ ਘਰ ਅਸਮਾਨ ਢੰਗ ਨਾਲ ਨਾ ਬਣਾਏ ਜਾਣ, ਤਾਂ ਜੋ ਭਵਿੱਖ ’ਚ ਪਾਣੀ ਦੀ ਨਿਕਾਸੀ ਅਤੇ ਆਵਾਜਾਈ ਨਾਲ ਸਬੰਧਿਤ ਸਮੱਸਿਆਵਾਂ ਪੈਦਾ ਨਾ ਹੋਣ। ਇਸ ਮੌਕੇ ਜਨਰਲ ਸਕੱਤਰ ਡਾ. ਨਾਇਬ ਸਿੰਘ ਮੰਡੇਰ, ਸੰਯੁਕਤ ਸਕੱਤਰ ਰਣਧੀਰ ਮੌਲੀਆ, ਖਜ਼ਾਨਚੀ ਸ਼ੇਰ ਸਿੰਘ ਭੁੱਲਰ, ਪ੍ਰੈੱਸ ਸਕੱਤਰ ਹੈਪੀ ਸਿੰਘ ਸੇਠੀ, ਸੀਨੀਅਰ ਮੀਤ ਪ੍ਰਧਾਨ ਕੈਪਟਨ ਜਗਜੀਤ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਨੈਨ, ਰਾਜਪਾਲ ਗਰੋਵਰ, ਸੁਰਿੰਦਰ ਕੁਮਾਰ ਗਰਗ, ਜਗਜੀਤ ਸਿੰਘ ਢਿੱਲੋਂ, ਧਰਮਪਾਲ ਸ਼ਰਮਾ, ਰਜਿੰਦਰ ਮੋਂਗਾ, ਵਿੰਨਾਂ ਜਿੰਦਲ ਆਦਿ ਹਾਜ਼ਰ ਸਨ |