ਯਮੁਨਾਨਗਰ, 18 ਜੁਲਾਈ (ਗੁਰਦਿਆਲ ਸਿੰਘ ਨਿਮਰ)-ਵਿਸ਼ੇਸ਼ ਸੈੱਲ ਦੀ ਟੀਮ ਨੇ ਇਕ ਮੁਲਜ਼ਮ ਨੂੰ ਨਾਜਾਇਜ਼ ਦੇਸੀ ਪਿਸਤੌਲ ਅਤੇ ਇਕ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਸ਼ੇਸ਼ ਸੈੱਲ ਦੀ ਟੀਮ ਦੇ ਇੰਚਾਰਜ ਰਮਨ ਚੰਦੇਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਬਿਲਾਸਪੁਰ ਦੇ ਪੁਰਾਣੇ ਰਵਿਦਾਸ ਮੰਦਰ ਨੇੜੇ ਇਕ ਨਾਜਾਇਜ਼ ਹਥਿਆਰ ਸਮੇਤ ਘੁੰਮ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ ਤੁਰੰਤ ਸਬ-ਇੰਸਪੈਕਟਰ ਸਤੀਸ਼ ਕੁਮਾਰ, ਏ. ਐਸ. ਆਈ. ਜਸਜੀਤ, ਮੁਕੇਸ਼ ਦਿਨੇਸ਼, ਹਰਕੇਸ਼ ਦਿਨੇਸ਼ ਅਤੇ ਕੁਲਦੀਪ ‘ਤੇ ਆਧਾਰਿਤ ਇਕ ਟੀਮ ਗਠਿਤ ਕੀਤੀ ਗਈ, ਜਿਸ ਨੇ ਮੌਕੇ ‘ਤੇ ਪਹੁੰਚ ਕੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਪੁਲਿਸ ਵਲੋਂ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਨਾਜਾਇਜ਼ ਦੇਸੀ ਪਿਸਤੌਲ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਮੁਲਜ਼ਮ ਦੀ ਪਛਾਣ ਵੰਸ਼ ਪੁੱਤਰ ਸਤੀਸ਼ ਕੁਮਾਰ ਵਾਸੀ ਬੇਦੀ ਕਾਲੋਨੀ ਬਿਲਾਸਪੁਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਅਸਲ੍ਹਾ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਇੰਚਾਰਜ ਰਮਨ ਚੰਦੇਲ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਦੋ ਅਪਰਾਧਿਕ ਮਾਮਲੇ ਚੱਲ ਰਹੇ ਹਨ।