ਅਬੋਹਰ, 25 ਜੁਲਾਈ (ਵਿਵੇਕ ਹੂੁੜੀਆ)-ਅਬੋਹਰ ਦੇ ਡੀ.ਏ.ਵੀ.ਕਾਲਜ ਬਾਹਰ ਸ਼ੁੱਕਰਵਾਰ ਨੂੰ ਹੋਈ ਫਾਇਰਿੰਗ ਦੀ ਘਟਨਾ ’ਚ ਥਾਣਾ ਸਿਟੀ-2 ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ’ਚ ਪੇਸ਼ ਕਰਨ ’ਤੇ ਜੱਜ ਆਰਜ਼ੂ ਗਿੱਲ ਨੇ ਮੁਲਜ਼ਮਾਂ ਨੂੰ 3 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਣ ਦੇ ਹੁਕਮ ਦਿੱਤੇ ਹਨ। ਪਰਵਿੰਦਰ ਸਿੰਘ ਵਾਸੀ ਬਹਾਵਵਾਲਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਖ਼ੁਸ਼ਦੀਪ ਸਿੰਘ ਨਾਲ ਫਾਰਚੂਨਰ ਗੱਡੀ ’ਚ ਜਾ ਰਿਹਾ ਸੀ, ਤਾਂ ਡੀ.ਏ.ਵੀ.ਕਾਲਜ ਕੋਲ ਮੁਲਜ਼ਮਾਂ ਨੇ ਉਨ੍ਹਾਂ ਦੀ ਗੱਡੀ ਘੇਰ ਕੇ ਭਰਤ ਨਾਂ ਦੇ ਨੌਜਵਾਨ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕਰ ਦਿੱਤੀ, ਜੋ ਗੱਡੀ ਦੇ ਦਰਵਾਜ਼ੇ ਅਤੇ ਪਿਛਲੇ ਹਿੱਸੇ ’ਤੇ ਲੱਗੇ। ਜਾਂਚ ਅਧਿਕਾਰੀ ਏ.ਐੱਸ.ਆਈ.ਬਲਵਿੰਦਰ ਸਿੰਘ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਸ਼ਾਲ ਉਰਫ਼ ਸੋਖਲ ਸੈਯਦਾਂਵਾਲੀ, ਅਮਰਦੀਪ ਉਰਫ਼ ਅਮਰ ਆਲਮਗੜ੍ਹ ਅਤੇ ਆਦੇਸ਼ ਕਿੱਲ੍ਹਿਆਂਵਾਲੀ ਵਜੋਂ ਹੋਈ ਹੈ। ਜਦਕਿ ਭਰਤ, ਜੈਦੇਵ ਅਤੇ ਇਕ ਅਣਪਛਾਤਾ ਮੁਲਜ਼ਮ ਅਜੇ ਫ਼ਰਾਰ ਹਨ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਭਾਰਤੀ ਨਿਆਇ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਡੀ.ਐੱਸ.ਪੀ.ਹਰੀਸ਼ ਕੁਮਾਰ ਅਤੇ ਥਾਣਾ ਮੁਖੀ ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ 4 ਘੰਟਿਆਂ ’ਚ ਮਾਮਲਾ ਟਰੇਸ ਕਰਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਰਿਮਾਂਡ ਦੌਰਾਨ ਪੁੱਛਗਿੱਛ ਕਰਕੇ ਘਟਨਾ ’ਚ ਵਰਤਿਆ ਪਿਸਤੌਲ ਬਰਾਮਦ ਕੀਤਾ ਜਾਵੇਗਾ।