ਲੱਕੜ ਮਾਰਕੀਟ ਟੋਹਾਣਾ ’ ਚ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ਮੌਕੇ ਸ਼ਰਧਾਂਜਲੀ ਸਮਾਗਮ
ਟੋਹਾਣਾ , 14 ਅਗਸਤ ( ਮਨਜੀਤ ਸਿੰਘ ) - 1947 ਦੀ ਵੰਡ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਬੇਕਸੂਰ ਨਾਗਰਿਕਾਂ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ਮੌਕੇ ਅੱਜ ਲੱਕੜ ਮਾਰਕੀਟ ਟੋਹਾਣਾ ਵਿਖੇ ਸਰਵ ਸਮਾਜ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਵੰਡ ਦੌਰਾਨ ਵਿਸਥਾਪਨ ਅਤੇ ਹਿੰਸਾ ਦਾ ਸੰਤਾਪ ਹੰਢਾਉਂਦਿਆਂ ਆਪਣੀਆਂ ਜਾਨਾਂ ਗੁਆਉਣ ਵਾਲੇ ਸਾਰੇ ਨਾਗਰਿਕਾਂ ਨੂੰ ਭਾਵਪੂਰਵਕ ਸ਼ਰਧਾਂਜਲੀ ਭੇਟ ਕੀਤੀ ਗਈ ।
ਟੋਹਾਣਾ , 14 ਅਗਸਤ ( ਮਨਜੀਤ ਸਿੰਘ ) - 1947 ਦੀ ਵੰਡ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਬੇਕਸੂਰ ਨਾਗਰਿਕਾਂ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਭਾਜਨ ਵਿਭੀਸ਼ਿਕਾ ਸਮ੍ਰਿਤੀ ਦਿਵਸ ਮੌਕੇ ਅੱਜ ਲੱਕੜ ਮਾਰਕੀਟ ਟੋਹਾਣਾ ਵਿਖੇ ਸਰਵ ਸਮਾਜ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਵੰਡ ਦੌਰਾਨ ਵਿਸਥਾਪਨ ਅਤੇ ਹਿੰਸਾ ਦਾ ਸੰਤਾਪ ਹੰਢਾਉਂਦਿਆਂ ਆਪਣੀਆਂ ਜਾਨਾਂ ਗੁਆਉਣ ਵਾਲੇ ਸਾਰੇ ਨਾਗਰਿਕਾਂ ਨੂੰ ਭਾਵਪੂਰਵਕ ਸ਼ਰਧਾਂਜਲੀ ਭੇਟ ਕੀਤੀ ਗਈ । ਸਮਾਗਮ ਵਿੱਚ ਪੰਜਾਬੀ ਆਗੂ ਸ਼ੇਰੂ ਵਿੱਜ , ਟੋਹਾਣਾ ਵਿਧਾਇਕ ਪਰਮਵੀਰ ਸਿੰਘ , ਸਾਬਕਾ ਕੈਬਨਿਟ ਮੰਤਰੀ ਦਵਿੰਦਰ ਸਿੰਘ ਬਬਲੀ , ਸੀਨੀਅਰ ਕਾਂਗਰਸੀ ਆਗੂ ਸ . ਨਿਸ਼ਾਨ ਸਿੰਘ , ਉੱਘੇ ਸਮਾਜ ਸੇਵੀ ਅਨਿਲ ਮਹਿਤਾ , ਸਰਨਾ ਅਤੇ ਸੀਨੀਅਰ ਸਿਟੀਜ਼ਨ ਦੇ ਯੋਗੇਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਟੋਹਾਣਾ ਦਾ ਪੰਜਾਬੀ ਭਾਈਚਾਰਾ ਹਾਜ਼ਰ ਰਿਹਾ । ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ 14 ਅਗਸਤ ਦਾ ਦਿਨ ਭਾਰਤ ਦੀ ਵੰਡ ਨਾਲ ਜੁੜੀ ਉਸ ਦਰਦਨਾਕ ਯਾਦ ਨੂੰ ਸਮਰਪਿਤ ਹੈ , ਜਿਸ ਦੌਰਾਨ ਲੱਖਾਂ ਲੋਕਾਂ ਨੂੰ ਆਪਣਾ ਘਰ - ਬਾਰ ਛੱਡ ਕੇ ਵਿਸਥਾਪਨ ਦਾ ਦਰਦ ਸਹਿਣਾ ਪਿਆ । ਵੰਡ ਦੇ ਸਮੇਂ ਹੋਈ ਹਿੰਸਾ ਵਿੱਚ ਵੱਡੀ ਗਿਣਤੀ ਵਿੱਚ ਬੇ ਕਸੂਰ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਅਤੇ ਅਣਗਿਣਤ ਪਰਿਵਾਰਾਂ ਨੂੰ ਆਪਣੀ ਜਨਮ ਭੂਮੀ ਤੋਂ ਵਿਛੋੜੇ ਦਾ ਸੰਤਾਪ ਹੰਢਾਉਣਾ ਪਿਆ । ਬੁਲਾਰਿਆਂ ਨੇ ਕਿਹਾ ਕਿ ਵੰਡ ਦੀ ਤ੍ਰਾਸਦੀ ਸਿਰਫ਼ ਇਤਿਹਾਸ ਦਾ ਇੱਕ ਪੰਨਾ ਨਹੀਂ , ਸਗੋਂ ਉਨ੍ਹਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ ਨਾਲ ਜੁੜੀ ਹੋਈ ਦਰਦਨਾਕ ਯਾਦ ਹੈ , ਜਿਨ੍ਹਾਂ ਨੇ ਆਪਣੇ ਘਰ , ਜ਼ਮੀਨਾਂ , ਜਾਇਦਾਦਾਂ ਅਤੇ ਆਪਣਿਆਂ ਨੂੰ ਛੱਡ ਕੇ ਅਣਜਾਣ ਥਾਵਾਂ ’ ਤੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ । ਮੁਸ਼ਕਲਾਂ ਦੇ ਬਾਵਜੂਦ ਵਿਸਥਾਪਿਤ ਲੋਕਾਂ ਨੇ ਹਿੰਮਤ ਅਤੇ ਮਿਹਨਤ ਨਾਲ ਮੁੜ ਆਪਣਾ ਜੀਵਨ ਵਸਾਇਆ ਅਤੇ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ । ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਦਾ ਮਕਸਦ ਨਵੀਂ ਪੀੜ੍ਹੀ ਨੂੰ 1947 ਦੀ ਵੰਡ ਦੌਰਾਨ ਲੋਕਾਂ ਵੱਲੋਂ ਸਹੇ ਦੁੱਖਾਂ ਅਤੇ ਕੁਰਬਾਨੀਆਂ ਤੋਂ ਜਾਣੂ ਕਰਵਾਉਣਾ ਹੈ । ਸਾਨੂੰ ਇਤਿਹਾਸ ਤੋਂ ਸਬਕ ਲੈਂਦਿਆਂ ਆਪਸੀ ਭਾਈਚਾਰਾ , ਪਿਆਰ , ਸਦਭਾਵਨਾ ਅਤੇ ਏਕਤਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ । ਇਸ ਮੌਕੇ ਹਾਜ਼ਰ ਸਾਰੀਆਂ ਹਸਤੀਆਂ ਅਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਵੰਡ ਦੌਰਾਨ ਸ਼ਹੀਦ ਹੋਏ ਬੇਕਸੂਰ ਨਾਗਰਿਕਾਂ ਦੀ ਯਾਦ ਵਿੱਚ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਨਮਨ ਕੀਤਾ । ਸਮਾਗਮ ਦੌਰਾਨ ਸ਼ਾਂਤੀ , ਭਾਈਚਾਰਕ ਸਾਂਝ ਅਤੇ ਆਪਸੀ ਸਦਭਾਵਨਾ ਦਾ ਸੁਨੇਹਾ ਵੀ ਦਿੱਤਾ ਗਿਆ ।