ਡੀ . ਏ . ਵੀ . ਗਰਲਜ਼ ਕਾਲਜ ਵਿਖੇ ਉਤਸ਼ਾਹ ਨਾਲ ਮਨਾਇਆ ਆਜ਼ਾਦੀ ਦਿਵਸ
ਯਮੁਨਾਨਗਰ, 16 ਅਗਸਤ (ਗੁਰਦਿਆਲ ਸਿੰਘ ਨਿਮਰ)-ਡੀ. ਏ.
ਯਮੁਨਾਨਗਰ, 16 ਅਗਸਤ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਵਿਖੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ, ਐਨ. ਸੀ. ਸੀ. ਤੇ ਐਨ. ਐਸ. ਐਸ. ਦੇ ਸਾਂਝੇ ਪ੍ਰਬੰਧਾਂ ਅਧੀਨ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ। ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਲਹਿਰਾਉਣ ਨਾਲ ਹੋਈ। ਬਾਅਦ ‘ਚ ਕਾਲਜ ਦੀਆਂ ਚਾਰ ਸਾਬਕਾ ਵਿਦਿਆਰਥਣਾਂ ਤੇ ਉੱਦਮੀਆਂ ਨੂੰ ਸਨਮਾਨਿਤ ਕੀਤਾ। ਡਾ. ਸੁਰਿੰਦਰ ਕੌਰ ਅਤੇ ਇੰਸਟੀਚਿਊਸ਼ਨਲ ਇਨੋਵੇਸ਼ਨ ਕੌਂਸਲ ਦੇ ਕਨਵੀਨਰ ਵਿਵੇਕ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਰੂਬੀ ਇੰਟਰਪ੍ਰਾਈਜ਼ਿਜ਼ ਦੀ ਡਾਇਰੈਕਟਰ ਰੂਬੀ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈਆਂ। ਇਸ ਮੌਕੇ ਰੂਬੀ ਗੁਪਤਾ ਨੇ ਕਿਹਾ ਕਿ ਜਦੋਂ ਤੱਕ ਕੁੜੀਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਸੁਤੰਤਰ ਤੌਰ ‘ਤੇ ਕੰਮ ਕਰਨ ਦੀ ਆਜ਼ਾਦੀ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਆਜ਼ਾਦੀ ਦਾ ਅਸਲ ਅਰਥ ਅਧੂਰਾ ਰਹੇਗਾ। ਔਰਤਾਂ ਘਰ ਤੋਂ ਆਪਣੇ ਉਤਪਾਦਾਂ ਅਤੇ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਕੇ ਆਤਮ-ਨਿਰਭਰ ਬਣ ਸਕਦੀਆਂ ਹਨ। ਸਵੈ-ਨਿਰਭਰ ਔਰਤਾਂ ਪਰਿਵਾਰ ਲਈ ਇਕ ਮਜ਼ਬੂਤ ਨੀਂਹ ਹੁੰਦੀਆਂ ਹਨ। ਇਸੇ ਦੌਰਾਨ ਪ੍ਰਿੰ. ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਔਰਤਾਂ ਲਈ ਆਜ਼ਾਦੀ ਦਾ ਇਕ ਵੱਖਰਾ ਅਰਥ ਹੈ ਕਿਉਂਕਿ ਉਹ ਘਰ ਅਤੇ ਕੰਮ ਦੀਆਂ ਦੋਹਰੀ ਜ਼ਿੰਮੇਵਾਰੀਆਂ ਨਿਭਾਉਂਦੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਔਰਤਾਂ ਨੂੰ ਆਪਣੇ ਆਪ ਨੂੰ ਸਾਬਤ ਕਰਨ ਲਈ ਲਗਾਤਾਰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਅੱਜ ਵੀ ਸਮਾਜ ਵਿਚ ਅਜਿਹੀਆਂ ਕੁੜੀਆਂ ਹਨ ਜਿਨ੍ਹਾਂ ਨੂੰ ਆਪਣੀਆਂ ਪਸੰਦਾਂ ਅਤੇ ਵਿਚਾਰਾਂ ਦੇ ਆਧਾਰ ‘ਤੇ ਫੈਸਲੇ ਲੈਣ ਦਾ ਅਧਿਕਾਰ ਨਹੀਂ ਹੈ। ਵਿਦਿਆਰਥੀਆਂ ਨੂੰ ਆਪਣੇ ਕਾਰੋਬਾਰ ਸਥਾਪਤ ਕਰਕੇ ਸਵੈ-ਨਿਰਭਰ ਬਣਨਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਵੱਲ ਵੀ ਕਦਮ ਚੁੱਕਣੇ ਚਾਹੀਦੇ ਹਨ। ਇਸ ਮੌਕੇ ਛੋਟੇ ਕਾਰੋਬਾਰ ਦੀ ਸੰਸਥਾਪਕ ਸ਼ਰੂਤੀ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਜਦੋਂ ਉਸਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਤਾਂ ਉਸਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਸਨੇ ਕਦੇ ਹਾਰ ਨਹੀਂ ਮੰਨੀ। ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਉਹ ਅੱਜ ਸਫਲਤਾ ਦੇ ਸਿਖਰ ‘ਤੇ ਪਹੁੰਚ ਗਈ ਹੈ। ਇਸੇ ਦੌਰਾਨ ਉੱਦਮੀ ਮਲਿਕਾ, ਕਿਡਜ਼ ਐਂਡ ਮਾਮਜ਼ ਦੀ ਡਾਇਰੈਕਟਰ ਦਮਨਪ੍ਰੀਤ ਅਤੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਦੇ ਕੋਆਰਡੀਨੇਟਰ ਵਿਵੇਕ ਨੇ ਵੀ ਵਿਦਿਆਥਣਾਂ ਨੂੰ ਸਵੈ-ਨਿਰਭਰ ਬਣਨ ਸੰਬੰਧੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਨੌਜਵਾਨਾਂ ਨੂੰ ਸਵੈ-ਨਿਰਭਰ ਬਣਨ ਤੇ ਨਵੇਂ ਉੱਦਮ ਸਥਾਪਿਤ ਕਰਨ ਲਈ ਸਸ਼ਕਤ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ‘ਚ ਮੇਜਰ ਗੀਤਾ ਸ਼ਰਮਾ, ਡਾ. ਮੋਨਿਕਾ ਕਨਿਕਾ ਗੋਇਲ, ਡਾ. ਪਰਮੇਸ਼ ਕੁਮਾਰ, ਡਾ. ਦੀਪਿਕਾ, ਮਮਤਾ ਥਾਪਰ ਤੇ ਮਨਜੀਤ ਕੌਰ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ।