ਇੱਕ ਹਜ਼ਾਰ ਰੁਪਏ ਦੇ ਲੈਣ-ਦੇਣ ਕਾਰਨ ਹੋਇਆ ਸੀ ਪਿੰਡ ਛੱਤਰੀਆਂ ’ਚ ਨੌਜਵਾਨ ਦਾ ਕਤਲ
ਸਿਰਸਾ, 3 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਛੱਤਰੀਆਂ ’ਚ ਬੀਤੀ 12 ਜੁਲਾਈ ਨੂੰ ਇੱਕ ਹਜ਼ਾਰ ਰੁਪਏ ਦੇ ਲੈਣ-ਦੇਣ ਦੇ ਮਾਮਲੇ ’ਚ ਅਸ਼ੋਕ ਕੁਮਾਰ ਦੇ ਹੋਏ ਕਤਲ ਦੇ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਅੱਜ ਐਸ. ਪੀ.
ਸਿਰਸਾ, 3 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਛੱਤਰੀਆਂ ’ਚ ਬੀਤੀ 12 ਜੁਲਾਈ ਨੂੰ ਇੱਕ ਹਜ਼ਾਰ ਰੁਪਏ ਦੇ ਲੈਣ-ਦੇਣ ਦੇ ਮਾਮਲੇ ’ਚ ਅਸ਼ੋਕ ਕੁਮਾਰ ਦੇ ਹੋਏ ਕਤਲ ਦੇ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਅੱਜ ਐਸ.ਪੀ. ਦਫ਼ਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਜਾਂਚ ਅਧਿਕਾਰੀ ’ਤੇ ਕਥਿਤ ਮਿਲੀਭੁਗਤ ਦੇ ਦੋਸ਼ ਲਾਉਂਦਿਆਂ ਉਸ ਨੂੰ ਤੁਰੰਤ ਬਦਲਣ ਦੀ ਵੀ ਮੰਗ ਕੀਤੀ। ਪ੍ਰਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਘਟਨਾ 12 ਜੁਲਾਈ ਨੂੰ ਵਾਪਰੀ ਸੀ। ਅਸ਼ੋਕ ਆਪਣੇ ਭਰਾ ਮੁਕੇਸ਼ ਅਤੇ ਚਾਚੇ ਨਾਲ ਖੇਤਾਂ ਤੋਂ ਪਸ਼ੂਆਂ ਲਈ ਚਾਰਾ ਲੈ ਕੇ ਘਰ ਵਾਪਸ ਆ ਰਹੇ ਸੀ ਤਾਂ ਪਿੰਡ ਦੇ ਹੀ ਕੁਝ ਲੋਕਾਂ ਨੇ ਉਨ੍ਹਾਂ ਨੂੰ ਰਾਹ ਵਿੱਚ ਰੋਕ ਲਿਆ। ਮੁਕੇਸ਼ ਤੇ ਉਸ ਦਾ ਚਾਚੇ ਨੇ ਭੱਜ ਕੇ ਜਾਨ ਬਚਾਈ ਜਦੋਂਕਿ ਅਸ਼ੋਕ ਨੂੰ ਉਨ੍ਹਾਂ ਨੇ ਘੇਰ ਲਿਆ ਤੇ ਉਸ ਨੂੰ ਡਡਿੰਆਂ ਨਾਲ ਕੁੱਟ-ਕੁੱਟ ਦੇ ਗੰਭੀਰ ਜ਼ਖ਼ਮੀ ਕਰ ਦਿੱਤੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਅਸ਼ੋਕ ਕੁਮਾਰ ਦੇ ਕਤਲ ਵਿੱਚ ਕੁੱਲ 17 ਲੋਕ ਸ਼ਾਮਲ ਸਨ ਪਰ ਪੁਲੀਸ ਨੇ ਹੁਣ ਤੱਕ ਸਿਰਫ਼ ਛੇ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲੀਸ ਮੁੱਖ ਦੋਸ਼ੀਆਂ ਨੂੰ ਬਚਾਉਣ ਅਤੇ ਮਾਮਲੇ ਵਿੱਚ ਬੇਕਸੂਰ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲੀਸ ਮਾਮਲੇ ਵਿੱਚ ਢਿੱਲ ਵਰਤ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਕੀ ਮੁਲਜ਼ਮ ਖੁੱਲ੍ਹੇਆਮ ਘੁੰਮ ਰਹੇ ਹਨ ਜਿਸ ਨਾਲ ਪੂਰੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੈ। ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਗਿਆ ਤੇ ਨਿਰਪੱਖ ਜਾਂਚ ਨਾ ਕੀਤੀ ਗਈ ਤਾਂ ਉਹ ਭਵਿੱਖ ਵਿੱਚ ਸੜਕਾਂ ਜਾਮ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਮ੍ਰਿਤਕ ਦੇ ਮਾਪਿਆਂ ਤੋਂ ਇਲਾਵਾ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ। ਉਧਰ ਐਸ.ਪੀ. ਦੀਪਕ ਸਹਾਰਨ ਨੇ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਜਾਂਚ ਸੀ.ਆਈ.ਏ. ਏਲਨਾਬਾਦ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ ਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।