ਮੈਟਰੋ ਅਤੇ ਰੇਲਵੇ ਯੂਨਿਟ ਦਿੱਲੀ ਨੇ 1970 ਗੁਆਚੇ ਤੇ ਚੋਰੀ ਹੋਏ ਮੋਬਾਈਲ ਅਸਲ ਮਾਲਕਾਂ ਨੂੰ ਸੌਂਪੇ
ਨਵੀਂ ਦਿੱਲੀ, 6 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਮੈਟਰੋ ਅਤੇ ਰੇਲਵੇ ਯੂਨਿਟ ਦਿੱਲੀ ਦੇ ‘ਆਪ੍ਰੇਸ਼ਨ ਵਿਸ਼ਵਾਸ 2.
ਨਵੀਂ ਦਿੱਲੀ, 6 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਮੈਟਰੋ ਅਤੇ ਰੇਲਵੇ ਯੂਨਿਟ ਦਿੱਲੀ ਦੇ ‘ਆਪ੍ਰੇਸ਼ਨ ਵਿਸ਼ਵਾਸ 2.0’ ਅਧੀਨ ਟਰੇਸਿੰਗ ਅਤੇ ਤਕਨੀਕੀ ਨਿਗਰਾਨੀ ਰਾਹੀਂ 2.95 ਕਰੋੜ ਤੋਂ ਵੱਧ ਮੁੱਲ ਦੇ 1970 ਗੁਆਚੇ ਅਤੇ ਚੋਰੀ ਹੋਏ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਇਨ੍ਹਾਂ ਵਿਚੋਂ 970 ਮੋਬਾਈਲ ਫ਼ੋਨ ਮੈਟਰੋ ਯੂਨਿਟ ਅਤੇ ਇਕ ਹਜ਼ਾਰ ਰੇਲਵੇ ਯੂਨਿਟ ਦੁਆਰਾ ਬਰਾਮਦ ਕੀਤੇ ਗਏ ਹਨ। ਦਿੱਲੀ ਪੁਲਿਸ ਦੀ ਟਰਾਂਸਪੋਰਟ ਰੇਂਜ ਦੇ ਸੰਯੁਕਤ ਪੁਲਿਸ ਕਮਿਸ਼ਨਰ ਡਾ. ਰਜਨੀਸ਼ ਗੁਪਤਾ (ਆਈ.ਪੀ.ਐਸ.) ਦੀ ਅਗਵਾਈ ਹੇਠ, ਡੀ.ਐਮ.ਸੀ. ਕਾਨਫਰੰਸ ਹਾਲ, ਆਈ.ਟੀ. ਪਾਰਕ, ਸ਼ਾਸਤਰੀ ਪਾਰਕ ਮੈਟਰੋ, ਦਿੱਲੀ ਵਿਖੇ ਇਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿਚ ਜੋ ਫ਼ੋਨ ਬਰਾਮਦ ਕੀਤੇ ਗਏ, ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪੇ ਗਏ। ਇਸ ਸਮਾਗਮ ਵਿਚ ਡਾ. ਅਨੰਦ (ਡੀ.ਸੀ.ਪੀ. ਮੈਟਰੋ) ਅਤੇ ਭਰਤ ਰੈਡੀ (ਆਈ.ਪੀ.ਐਸ.-ਡੀ.ਸੀ.ਪੀ. ਰੇਲਵੇ) ਵੀ ਮੌਜੂਦ ਸਨ। ਜਿਨ੍ਹਾਂ ਲੋਕਾਂ ਨੂੰ ਆਪਣੇ ਗੁਆਚੇ ਤੇ ਚੋਰੀ ਹੋਏ ਮੋਬਾਈਲ ਫ਼ੋਨ ਮਿਲੇ ਹਨ, ਉਨ੍ਹਾਂ ਦੇ ਚਿਹਰਿਆਂ ’ਤੇ ਖੁਸ਼ੀ ਦੇ ਚਿੰਨ੍ਹ ਵਿਖਾਈ ਦੇ ਰਹੇ ਸਨ। ਪੁਲਿਸ ਅਤੇ ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਲੋਕਾਂ ਦੇ ਗੁੰਮ ਤੇ ਚੋਰੀ ਹੋਏ ਮੋਬਾਈਲਾਂ ਨੂੰ ਉਨ੍ਹਾਂ ਦੇ ਅਸਲ ਮਾਲਕਾਂ ਕੋਲ ਪੁੱਜਦਾ ਕੀਤਾ ਜਾਵੇ।