ਪਿੰਡ ਫਤਿਹਪੁਰੀ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ
ਟੋਹਾਣਾ, 6 ਅਕਤੂਬਰ (ਮਨਜੀਤ ਸਿੰਘ)- ਟੋਹਾਣਾ ਦੇ ਪਿੰਡ ਫਤਿਹਪੁਰੀ ਦੇ ਵਾਸੀਆਂ ਵਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਅਜਿਹਾ ਗੰਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ, ਜਿਸ ਨੂੰ ਪਸ਼ੂ ਵੀ ਪੀਣਾ ਪਸੰਦ ਨਹੀਂ ਕਰਨਗੇ।
ਟੋਹਾਣਾ, 6 ਅਕਤੂਬਰ (ਮਨਜੀਤ ਸਿੰਘ)- ਟੋਹਾਣਾ ਦੇ ਪਿੰਡ ਫਤਿਹਪੁਰੀ ਦੇ ਵਾਸੀਆਂ ਵਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਅਜਿਹਾ ਗੰਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ, ਜਿਸ ਨੂੰ ਪਸ਼ੂ ਵੀ ਪੀਣਾ ਪਸੰਦ ਨਹੀਂ ਕਰਨਗੇ। ਪਾਣੀ ਦੀ ਮਾੜੀ ਸਪਲਾਈ ਅਤੇ ਵਾਟਰ ਵਰਕਸ ਦੀ ਮਾੜੀ ਹਾਲਤ ਨੂੰ ਲੈ ਕੇ ਪਿੰਡ ਵਾਸੀਆਂ ਦਾ ਇੱਕ ਵਫ਼ਦ ਵਾਟਰ ਸਪਲਾਈ ਵਿਭਾਗ ਦੇ ਐੱਸ.ਡੀ.ਓ. ਅਤੇ ਐਕਸੀਅਨ ਟੋਹਾਣਾ ਨੂੰ ਮਿਲਿਆ ਅਤੇ ਸਮੱਸਿਆ ਦੇ ਜਲਦ ਹੱਲ ਦੀ ਮੰਗ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪਿੰਡ ਵਿੱਚ ਆ ਰਹੀ ਪਾਣੀ ਦੀ ਸਪਲਾਈ ਦੇ ਸਰੋਤ ਦੀ ਜਾਂਚ ਕੀਤੀ ਤਾਂ ਵਾਟਰ ਵਰਕਸ ਦੀ ਹਾਲਤ ਦੇਖ ਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਅਨੁਸਾਰ ਪਾਣੀ ਵਾਲੀ ਥਾਂ ‘ਤੇ ਗੰਦਗੀ, ਪਸ਼ੂ-ਪੰਛੀਆਂ ਦੀ ਗੰਦਗੀ, ਵੇਲ-ਬੂਟੀਆਂ, ਦਰੱਖਤਾਂ ਦੇ ਪੱਤੇ ਅਤੇ ਹੋਰ ਕੂੜਾ-ਕਰਕਟ ਪਿਆ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉੱਥੇ ਇੰਨੀ ਬਦਬੂ ਅਤੇ ਗੰਦਗੀ ਹੈ ਕਿ ਕੁਝ ਸਮੇਂ ਲਈ ਖੜ੍ਹੇ ਰਹਿਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸ ਮੌਕੇ ਡਾ: ਸੁਰਜੀਤ ਸਿੰਘ ਮੈਂਬਰ ਪੰਚਾਇਤ, ਘਿੰਦਾ ਸਿੰਘ, ਤਰਸੇਮ ਸਿੰਘ, ਸਰਪੰਚ ਗੁਰਸੇਵਕ ਸਿੰਘ, ਰਾਮ ਰੂਪ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ, ਰਾਮ ਸਿੰਘ, ਕੁਲਦੀਪ ਸਿੰਘ, ਤਾਰਾ ਸਿੰਘ, ਹੀਰਾ ਸਿੰਘ, ਗੁਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਇਕ ਪਿੰਡ ਵਾਸੀ ਨੇ ਆਪਣੇ ਬੱਚੇ ਦੀ ਪੀਲੀਏ ਸਬੰਧੀ ਰਿਪੋਰਟ ਦਿਖਾਉਂਦਿਆਂ ਦੋਸ਼ ਲਾਇਆ ਕਿ ਗੰਦਾ ਪਾਣੀ ਪੀਣ ਕਾਰਨ ਉਸ ਦੇ ਬੱਚੇ ਨੂੰ ਵਾਰ-ਵਾਰ ਪੀਲੀਏ ਦੀ ਸਮੱਸਿਆ ਆ ਰਹੀ ਹੈ, ਜਿਸ ਕਾਰਨ ਪਰਿਵਾਰ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਵਾਟਰ ਵਰਕਸ ਦੇ ਆਪਰੇਟਰਾਂ ਰਜੇਸ਼ ਵਰਮਾ, ਗੁਰਮੇਲ ਗੇਲੀ ਫਤਿਹਪੁਰੀ ਅਤੇ ਮਨਦੀਪ ‘ਤੇ ਡਿਊਟੀ ਵਿੱਚ ਕਥਿਤ ਕੁਤਾਹੀ ਕਰਨ ਦੇ ਦੋਸ਼ ਵੀ ਲਗਾਏ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਜੇਕਰ ਕੋਈ ਕਰਮਚਾਰੀ ਡਿਊਟੀ ਵਿੱਚ ਲਾਪਰਵਾਹੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਪਿੰਡ ਵਾਸੀਆਂ ਅਨੁਸਾਰ ਨਹਿਰੀ ਪਾਣੀ ਦੀ ਸਪਲਾਈ ਵਾਲੀ ਪਾਈਪ ਵਿੱਚ ਨੁਕਸ ਪੈਣ ਕਾਰਨ ਇਸ ਸਮੇਂ ਵਾਟਰ ਵਰਕਸ ਵਿੱਚ ਲੱਗੇ ਟਿਊਬਵੈੱਲ ਰਾਹੀਂ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪਾਣੀ ਦਾ ਟੀ. ਡੀ. ਐੱਸ. ਪੱਧਰ ਕਥਿਤ ਤੌਰ ‘ਤੇ 750 ਦੇ ਕਰੀਬ ਪਾਇਆ ਗਿਆ ਹੈ, ਜਿਸ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਬਣੀ ਹੋਈ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪਾਣੀ ਵਾਲੀ ਥਾਂ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ, ਖ਼ਰਾਬ ਪਾਈਪ ਦੀ ਮੁਰੰਮਤ ਕੀਤੀ ਜਾਵੇ ਅਤੇ ਪਿੰਡ ਨੂੰ ਸਾਫ਼ ਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਐੱਸ.ਡੀ.ਓ. ਅਤੇ ਐਕਸੀਅਨ ਵੱਲੋਂ ਸਮੱਸਿਆ ਦਾ ਜਲਦ ਹੱਲ ਕਰਨ ਅਤੇ ਡਿਊਟੀ ਵਿੱਚ ਕੁਤਾਹੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ।