ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਇਨੈਲੋ ਆਗੂ ਕਰਨ ਕੁਨਾਲ ਸਿੰਘ ਵੱਲੋਂ ਟੋਹਾਣਾ-ਕੁਲਾਂ ਸੜਕ ’ਤੇ ਰੋਸ ਪ੍ਰਗਟਾਵਾ
ਟੋਹਾਣਾ, 10 ਅਕਤੂਬਰ (ਮਨਜੀਤ ਸਿੰਘ)- ਟੋਹਾਣਾ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਫ਼ਸਲ ਵੇਚਣ ਲਈ ਆਏ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜਾਇਜ਼ਾ ਲੈਣ ਪਹੁੰਚੇ ਇਨੈਲੋ ਆਗੂ ਕਰਨ ਕੁਨਾਲ ਸਿੰਘ ਨੇ ਮੰਡੀ ਦੇ ਪ੍ਰਬੰਧਾਂ ਤੇ ਝੋਨੇ ਦੀ ਖ਼ਰੀਦ ਵਿੱਚ ਹੋ ਰਹੀ ਦੇਰੀ ’ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਮੰਡੀ ਦੇ ਬਾਹਰ ਟੋਹਾਣਾ-ਕੁਲਾਂ ਸੜਕ ’ਤੇ ਜਾਮ ਲਗਾ ਕੇ ਰੋਸ ਧਰਨਾ ਸ਼ੁਰੂ ਕਰ ਦਿੱਤਾ।
ਟੋਹਾਣਾ, 10 ਅਕਤੂਬਰ (ਮਨਜੀਤ ਸਿੰਘ)- ਟੋਹਾਣਾ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਫ਼ਸਲ ਵੇਚਣ ਲਈ ਆਏ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜਾਇਜ਼ਾ ਲੈਣ ਪਹੁੰਚੇ ਇਨੈਲੋ ਆਗੂ ਕਰਨ ਕੁਨਾਲ ਸਿੰਘ ਨੇ ਮੰਡੀ ਦੇ ਪ੍ਰਬੰਧਾਂ ਤੇ ਝੋਨੇ ਦੀ ਖ਼ਰੀਦ ਵਿੱਚ ਹੋ ਰਹੀ ਦੇਰੀ ’ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਮੰਡੀ ਦੇ ਬਾਹਰ ਟੋਹਾਣਾ-ਕੁਲਾਂ ਸੜਕ ’ਤੇ ਜਾਮ ਲਗਾ ਕੇ ਰੋਸ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮੰਡੀ ਵਿੱਚ ਆਪਣੀ ਫ਼ਸਲ ਦੀ ਬੋਲੀ ਦੀ ਉਡੀਕ ਕਰ ਰਹੇ ਕਈ ਕਿਸਾਨ ਵੀ ਧਰਨੇ ਵਿੱਚ ਸ਼ਾਮਲ ਹੋ ਗਏ। ਧਰਨੇ ਦੌਰਾਨ ਕਰਨ ਕੁਨਾਲ ਸਿੰਘ ਨੇ ਕਿਹਾ ਕਿ ਵਾਧੂ ਅਨਾਜ ਮੰਡੀ ਵਿੱਚ ਕਿਸਾਨਾਂ ਲਈ ਬੈਠਣ ਵਾਸਤੇ ਢੁੱਕਵੀਂ ਥਾਂ ਨਹੀਂ ਹੈ ਤੇ ਨਾ ਹੀ ਛਾਂ ਲਈ ਸ਼ੈੱਡਾਂ ਦਾ ਪ੍ਰਬੰਧ ਹੈ। ਪੀਣ ਵਾਲੇ ਸਾਫ਼ ਪਾਣੀ ਤੇ ਪਖਾਨਿਆਂ ਦੀ ਸਹੂਲਤ ਵੀ ਨਹੀਂ ਮਿਲ ਰਹੀ। ਇਸ ਤੋਂ ਵੀ ਵੱਧ ਚਿੰਤਾ ਵਾਲੀ ਗੱਲ ਇਹ ਹੈ ਕਿ ਕਿਸਾਨ ਕਈ-ਕਈ ਦਿਨਾਂ ਤੋਂ ਆਪਣੀ ਫ਼ਸਲ ਦੀ ਬੋਲੀ ਲੱਗਣ ਦੀ ਉਡੀਕ ਕਰ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਇਕ ਕਿਸਾਨ 29 ਤਰੀਕ ਤੋਂ ਆਪਣੀ ਝੋਨੇ ਦੀ ਫ਼ਸਲ ਲੈ ਕੇ ਮੰਡੀ ਵਿੱਚ ਬੈਠਾ ਹੈ ਪਰ ਅਜੇ ਤੱਕ ਉਸ ਦੀ ਫ਼ਸਲ ਦੀ ਬੋਲੀ ਨਹੀਂ ਲੱਗੀ। ਇਨੈਲੋ ਆਗੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਖ਼ੁਦ ਮੰਡੀ ਵਿੱਚ ਝੋਨੇ ਦੀ ਨਮੀ ਦੀ ਜਾਂਚ ਕਰਵਾਈ ਹੈ, ਜਿਸ ਦਾ ਮਾਪਦੰਡ ਬਿਲਕੁਲ ਸਹੀ ਆਇਆ। ਇਸ ਦੇ ਬਾਵਜੂਦ ਕਿਸਾਨਾਂ ਦੀ ਫ਼ਸਲ ਦੀ ਬੋਲੀ ਅਤੇ ਖ਼ਰੀਦ ਨਾ ਹੋਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫ਼ਸਲ ਦੀ ਖ਼ਰੀਦ ਤੋਂ ਬਾਅਦ 72 ਘੰਟਿਆਂ ਅੰਦਰ ਅਦਾਇਗੀ ਕਰਨ ਦਾ ਐਲਾਨ ਕੀਤਾ ਸੀ, ਪਰ ਜਦੋਂ ਕਿਸਾਨਾਂ ਦੀ ਫ਼ਸਲ ਹੀ ਨਹੀਂ ਖ਼ਰੀਦੀ ਜਾ ਰਹੀ ਤਾਂ ਅਦਾਇਗੀ ਦਾ ਸਵਾਲ ਕਿੱਥੋਂ ਪੈਦਾ ਹੁੰਦਾ ਹੈ? ਇਸ ਮੌਕੇ ਹਰੀ ਸਿੰਘ ਡਾਂਗਰਾ ਤੋਂ ਇਲਾਵਾ ਇਨੈਲੋ ਦੇ ਹੋਰ ਸਰਗਰਮ ਆਗੂ, ਵਰਕਰ ਤੇ ਕਿਸਾਨ ਵੀ ਹਾਜ਼ਰ ਸਨ।