3 ਲੱਖ ਰੁਪਏ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ
ਸਿਰਸਾ, 18 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਸਿਰਸਾ ਯੂਨਿਟ ਨੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇਕ ਨਸ਼ਾ ਤਸਕਰ ਨੂੰ ਬੇਗੂ ਰੋਡ ‘ਤੇ ਸ਼ਾਂਤੀ ਨਗਰ ਨੇੜੇ 30. 27 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਸਿਰਸਾ, 18 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਸਿਰਸਾ ਯੂਨਿਟ ਨੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇਕ ਨਸ਼ਾ ਤਸਕਰ ਨੂੰ ਬੇਗੂ ਰੋਡ ‘ਤੇ ਸ਼ਾਂਤੀ ਨਗਰ ਨੇੜੇ 30.27 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਯੂਨਿਟ ਇੰਚਾਰਜ ਬਨਵਾਰੀ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਸ਼ਹਿਰ ਵਿਚ ਗਸ਼ਤ ਕਰ ਰਹੀ ਸੀ। ਜਦੋਂ ਟੀਮ ਬੇਗੂ ਰੋਡ ‘ਤੇ ਸ਼ਾਂਤੀ ਨਗਰ ਨੇੜੇ ਸੀ ਤਾਂ ਸਾਹਮਣੇ ਤੋਂ ਆ ਰਿਹਾ ਇਕ ਨੌਜਵਾਨ ਅਚਾਨਕ ਪਿੱਛੇ ਮੁੜਿਆ ਤੇ ਉੱਥੇ ਖੜ੍ਹੀ ਇਕ ਪੁਲਿਸ ਗੱਡੀ ਨੂੰ ਦੇਖ ਕੇ ਤੇਜ਼ ਤੁਰਨ ਲੱਗ ਪਿਆ। ਅਪਰਾਧ ਦਾ ਸ਼ੱਕ ਹੋਣ ‘ਤੇ ਟੀਮ ਨੇ ਸਾਥੀ ਅਧਿਕਾਰੀਆਂ ਦੀ ਮਦਦ ਨਾਲ ਉਸਨੂੰ ਗਲੀ ਵਿਚ ਥੋੜ੍ਹੀ ਦੂਰੀ ‘ਤੇ ਕਾਬੂ ਕਰ ਲਿਆ। ਜਦੋਂ ਉਸ ਨੂੰ ਭੱਜਣ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਮ ਗੁਰਸਾਹਿਬ ਸਿੰਘ ਪੁੱਤਰ ਨਰਵੈਲ ਸਿੰਘ ਵਾਸੀ ਪਿੰਡ ਚੁੰਗਾ ਜ਼ਿਲ੍ਹਾ ਤਰਨਤਾਰਨ (ਪੰਜਾਬ) ਦੱਸਿਆ। ਇਸ ਤੋਂ ਬਾਅਦ ਗਜ਼ਟਿਡ ਅਫ਼ਸਰ ਰਾਜਬੀਰ ਸਿੰਘ ਡੀ.ਐਸ.ਪੀ. ਸਿਰਸਾ ਨੂੰ ਮੌਕੇ ‘ਤੇ ਬੁਲਾਇਆ ਗਿਆ ਤੇ ਉਨ੍ਹਾਂ ਦੀ ਮੌਜੂਦਗੀ ਵਿਚ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਮੁਲਜ਼ਮ ਦੀ ਪੈਂਟ ਦੀ ਜੇਬ ਵਿਚੋਂ ਇਕ ਪਾਰਦਰਸ਼ੀ ਫੋਇਲ ’ਚ ਹੈਰੋਇਨ ਬਰਾਮਦ ਹੋਈ। ਜਦੋਂ ਇਸ ਨੂੰ ਤੋਲਿਆ ਗਿਆ ਤਾਂ ਫੋਇਲ ਸਮੇਤ ਕੁੱਲ ਭਾਰ 30.27 ਗ੍ਰਾਮ ਸੀ। ਗੈਰ-ਕਾਨੂੰਨੀ ਬਾਜ਼ਾਰ ਵਿੱਚ ਇਸਦੀ ਕੀਮਤ ਲਗਭਗ 3 ਲੱਖ ਰੁਪਏ ਹੋਣ ਦਾ ਅਨੁਮਾਨ ਹੈ। ਪੁਲਿਸ ਨੇ ਗੁਰਸਾਹਿਬ ਸਿੰਘ ਖਿਲਾਫ਼ ਥਾਣਾ ਸਿਟੀ ਸਿਰਸਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਨੂੰ ਅਗਲੇਰੀ ਜਾਂਚ ਲਈ ਥਾਣਾ ਸਿਟੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।